Sunday, November 21, 2010

ਸੱਚ ਕੀ ਹੈ?

2 comments
ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ।

ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁਲਣਾ ਦਿੰਦੇ ਨੇ।

ਇੱਕੋ ਸ਼ਬਦ “ਸੱਚ” ਦੇ ਕਈ ਅਰਥ ਹੁੰਦੇ ਹਨ।ਮੈ ਇਥੇ ਬੋਲੇ ਜਾਣ ਵਾਲਾ ਸੱਚ ਦੀ ਗਲ ਕਰ ਰਿਹਾ ਹਾਂ।। ਬਾਣੀ ਵਿੱਚ ਵੀ ਲਿਖਿਆ ਹੈ “ਬੋਲੀਐ ਸੱਚ ਝੂਠ ਨ ਬੋਲੀਐ”।

ਸੱਚ ਬਾਰੇ ਬਹੁਤ ਵਿਦਵਾਨਾਂ ਨੇ ਆਪਣੇ ਵਿਚਾਰ ਲਿਖੇ ਹਨ ਪੰ੍ਰਤੂ ਸੱਚ ਦੀ, ਸਦਾ ਵਾਸਤੇ, ਸਰਵ ਮਾਨੀਯ ਵਿਆਖਿਆ ਕੋਈ ਨਹੀਂ ਕਰ ਸਕਿਆ। ਪੂਰਬ –ਪੱਛਮ, ਦੋਹਾਂ ਦੇ ਵਿਦਵਾਨਾਂ ਨੇ ਪੂਰਾ ਜੋਰ ਲਾਇਆ ਹੈ, ਨਵੀਆਂ ਨਵੀਆਂ ਵਿਚਾਰਧਾਰਾ ਘੜੀਆਂ ਪਰ ਸਫਲਤਾ ਨਹੀਂ ਹੋਈ। ਕਿਉਂਕਿ ਜਿਵੇਂ ਮਨੁਖ ਦੇ ਵਿਚਾਰ ਸਦਾ ਹੀ ਬਦਲਦੇ ਰਹਿੰਦੇ ਹਨ ਤਿਵੇਂ ਹੀ ਸੱਚ ਵੀ ਬਦਲਦਾ ਰਹਿੰਦਾ ਹੈ। ਜਿਸਦੇ ਜੋ ਮੰਨਣ ਅੰਦਰ ਆ ਜਾਵੇ ਕੁਛ ਸਮੇ ਲਈ, ਓਹੋ ਹੀ ਉਸ ਵਾਸਤੇ ਸੱਚ ਹੈ । ਜਦੋਂ ਵਿਚਾਰ ਬਦਲ ਜਾਣ ਅਤੇ ਮੰਨਣ ਅੰਦਰ ਆਈ ਹੋਈ ਗੱਲ, ਹੁਣ ਨਾ ਮੰਨਣ ਅੰਦਰ ਆਵੇ, ਉਸ ਵਕਤ ਓਹੋ ਸੱਚ ਝੂਠ ਬਣ ਜਾਂਦਾ ਹੈ।

ਸੱਚ ਇਹ ਨਹੀਂ ਜੋ ਤੁਸੀਂ ਅਤੇ ਮੈਂ ਸਮਝਦੇ ਹਾਂ। ਸੱਚ ਤਾਂ ਕੁਛ ਹੋਰ ਹੀ ਹੈ?

ਹਰ ਮਨੁੱਖ ਦਾ ਆਪਣਾ ਆਪਣਾ ਸੱਚ ਹੈ।

ਸਮਾਂ ਪਾਕੇ ਉਹ ਸੱਚ ਵੀ ਝੂਠ ਵਿੱਚ ਪਰਿਵਰਤਤ ਹੋ ਜਾਂਦਾ ਹੈ ਕਿਉਂਕਿ ਹਾਲਾਤ ਸਦਾ ਹੀ ਬਦਲਦੇ ਰਹਿੰਦੇ ਹਨ। ਹਾਲਾਤ ਬਦਲਣ ਨਾਲ ਮਨੁਖ ਦੇ ਵੀਚਾਰ ਵੀ ਬਦਲਦੇ ਹਨ। ਵੀਚਾਰ ਬਦਲਣ ਨਾਲ ਸੱਚ ਝੂਠ ਬਣ ਜਾਂਦਾ ਹੈ ਤੇ ਝੂਠ ਸੱਚ ਬਣ ਜਾਂਦਾ ਹੈ। ਸੋ, ਸੱਚ ਕੁਛ ਵੀ ਨਹੀਂ। ਕਿਸੇ ਗੱਲ ਬਾਰੇ ਆਪਣਾ ਵਿਸ਼ਵਾਸ਼ ਹੋਣਾ ਹੀ ਸੱਚ ਹੈ, ਜਿਨਾ ਚਿਰ ਓਹ ਵਿਸ਼ਵਾਸ਼ ਬਣਿਆ ਰਹੇ। ਜੇ ਪੇਸ਼ ਕੀਤੇ ਗਏ ਤੱਥਾਂ ਉਤੇ ਕਿਸੇ ਨੂੰ ਵਿਸ਼ਵਾਸ਼ ਨਾ ਆਵੇ ਤਾਂ ਉਸ ਮਨੁਖ ਲਈ ਓਹ ਸੱਚ ਨਹੀਂ। ਹਰ ਮਨੁਖ, ਹਰ ਤੱਥ ਨੂੰ ਅਪਣੇ ਅਪਣੇ ਢੰਗ ਨਾਲ ਸਮਝਦਾ ਹੈ ਅਤੇ ਉਸ ਦੀ ਵਿਆਖਿਆ ਕਰਦਾ ਹੈ। ਜੇ ਇਕੋ ਸੂਚਨਾ ਇਕੋ ਤਰੀਕੇ ਨਾਲ ਇਕੋ ਵਕਤ ਕਈ ਮਨੁਖਾਂ ਨੂੰ ਮਿਲੇ, ਜੋ ਇਕੋ ਸਥਾਨ ਤੇ ਹੋਣ, ਤਾਂ ਵੀ ਸਾਰੇ ਹੀ, ਓਸ ਇਕੋ ਸੂਚਨਾ ਦੀ, ਅਪਣੇ ਆਪਣੇ ਢੰਗ ਨਾਲ, ਆਪਣੇ ਗਿਆਨ ਅਨੁਸਾਰ ਵਿਆਖਿਆ ਕਰਦੇ ਹਨ। ਜੋ ਕਿ ਸਦਾ ਵਖੋ ਵੱਖ ਹੁੰਦੀ ਹੈ। ਜੇ ਕੋਈ ਘਟਨਾ, ਕਈ ਮਨੁਖਾਂ ਸਾਹਮਣੇ ਇੱਕੋ ਵਕਤ ਘਟੇ, ਉਹ ਸਾਰੇ ਉਸਨੂੰ ਇਕੋ ਸਥਾਨ ਤੋਂ ਵੇਖ ਰਹੇ ਹੋਣ: ਫਿਰ ਵੀ ਉਸਦੀ ਵਿਆਖਿਆ ਵੱਖੋ ਵੱਖ ਕਰਨਗੇ। ਜੇ ਸੱਚ ਇੱਕ ਹੈ ਤਾਂ ਵਿਆਖਿਆ ਵੱਖੋ ਵੱਖ ਕਿਓਂ?

ਜੇ ਅਸਲੀ ਸੱਚ ਨੂੰ ਜਾਨਣਾ ਹੈ ਤਾਂ ਥੱਲੇ ਲਿਖਿਆ ਪੜ੍ਹੋ। ਸੰਖੇਪ ਵਿਚ ਸੱਚ ਦੀ ਵਿਆਖਿਆ ਇਹ ਹੈ :

ਪੂਰਾ ਸੱਚ ਉਹ ਹੈ ਜੋ ਕਿਸੇ ਦੇ ਮੰਨਣ ਅੰਦਰ ਆ ਜਾਵੇ।

ਅਧੂਰਾ ਸੱਚ ਉਹ ਹੈ ਜੋ ਤਕੜਾ ਧੱਕੇ ਨਾਲ ਮਨਾ ਲਵੇ, ਪਰ ਮੰਨਣ ਅੰਦਰ ਨ ਆਵੇ।


ਬਾਕੀ ਸਭ ਝੂਠ।

ਜੇ ਸਰਵ ਮਾਨਯ ਸੱਚ ਇਕੋ ਹੀ ਹੁੰਦਾ ਤਾਂ ਸੱਚ ਦੀਆਂ ਕਈ ਥਿਉਰੀਆਂ ਨ ਬਣਦੀਆਂ।

ਅਟੱਲ ਸਚਾਈ ਇਹ ਹੈ: ਕਿ ਸਚਾਈ ਕੋਈ ਵੀ ਨਹੀਂ। ਸੰਪੂਰਨ ਸੱਚ ਜਾਂ ਅਟੱਲ ਸਚਾਈ ਨਾ ਦੀ ਕੋਈ ਚੀਜ ਹੈ ਹੀ ਨਹੀਂ।

ਜੇ ਐਸੀ ਚੀਜ ਹੁੰਦੀ ਤਾਂ ਸਾਰੇ ਹੀ ਉਸ ਤੇ ਜਰੂਰ ਸਹਿਮਤ ਹੁੰਦੇ।

ਕਿਸੇ ਗੱਲ ਨੂੰ ਵਿਸਵਾਸ਼ ਕਰਨਾ ਅਤੇ ਉਸ ਨਾਲ ਸਹਿਮਤ ਹੋਣਾ ਹੀ ਸੱਚ ਹੈ। ਸਾਡੇ ਕਿਸੇ ਇੱਕ ਜਾਂ ਪੰਜਾਂ ਗਿਆਨ ਇੰਦਰਿਆ ਰਾਹੀਂ ਜੋ ਸੂਚਨਾ ਅਸਾਨੂੰ, ਸਮਝ ਆਕੇ, ਮੰਨਣ ਵਿੱਚ ਆ ਜਾਵੇ, ਓਹੋ ਹੀ ਸੱਚ ਹੈ।

ਇਸ ਤੋਂ ਬਿਨਾ ਕੁਛ ਉਹ ਵੀ ਸੱਚ ਹਨ, ਜਿਨ੍ਹਾ ਗੱਲਾਂ ਨੂੰ ਪਰਚਲਿਤ ਹੋਣ ਕਾਰਨ ਸਮਾਜ ਨੇ ਅਪਣਾ ਲਿਆ ਹੈ ਅਤੇ ਸਾਰੇ ਹੀ, ਉਸੇ ਗਲ ਨੂੰ ਬਿਨਾ ਸੋਚੇ, ਬਿਨਾ ਤਰਕ ਕੀਤੇ, ਸੱਚ ਮੰਨੀ ਜਾਂਦੇ ਹਨ।

ਸ੍ਰਿਸ਼ਟੀ ਰਚਨਾ ਤੋਂ ਲੈਕੇ ਅੱਜ ਤੱਕ ਸਭ ਤੋਂ ਵਧ ਰਿੜਕਿਆ ਜਾਣ ਵਾਲਾ ਸ਼ਬਦ ਸੱਚ ਹੈ। ਧਰਮ, ਨੀਤੀ, ਇਤਿਹਾਸ, ਦਰਸ਼ਨ- ਸ਼ਾਸਤਰ, ਸ਼ਾਸਤਰ ਆਦਿ ਵਿੱਚ ਸਭ ਤੋਂ ਵਧ ਸੱਚ ਉਤੇ ਹੀ ਚਰਚਾ ਹੋਈ ਹੈ।ਫਿਰ ਵੀ ਇਸ ਸ਼ਬਦ ਦੀ ਸਭ ਤੋਂ ਵਧ ਗਲਤ ਵਰਤੋਂ ਹੋਈ ਹੈ ਅਤੇ ਇਸ ਦਾ ਦੁਰ-ਉਪਯੋਗ ਹੋਇਆ ਹੈ।

ਸਾਡੇ ਵਿਚਾਰ ਬਦਲਣ ਨਾਲ, ਹਾਲਾਤ ਪਰਿਵਰਤਿਤ ਹੋਣ ਨਾਲ; ਸੱਚ ਦਾ ਝੂਠ ਕਿਵੇਂ ਬਣਦਾ ਹੈ ਅਤੇ ਝੂਠ ਦਾ ਸੱਚ ਕਿਵੇਂ ਬਣਦਾ ਹੈ। ਸਭ ਤੋਂ ਸੌਖੀ ਤੇ ਛੇਤੀ ਸਮਝ ਔਣ ਵਾਲੀ ਉਦਾਹਰਨ ਹੈ:- ਜੋ ਪਦਾਰਥ ਕਦੀ ਬਹੁਤ ਬੇਸਵਾਦ ਲਗਦੇ ਸਨ, ਤੇਜ ਭੁਖ ਲਗਣ ਨਾਲ ਉਹ ਵੀ ਸਵਾਦ ਲਗਣ ਲਗ ਪਏ। ਜਦੋਂ ਪੂਰਾ ਰੱਜ ਗਿਆ; ਜੋ ਪਦਾਰਥ ਬਹੁਤ ਸਵਾਦ ਲਗ ਰਿਹਾ ਸੀ, ਉਹੋ ਪਦਾਰਥ ਖਾਂਦਿਆਂ ਖਾਂਦਿਆਂ ਹੀ ਬੇਸਵਾਦ ਲਗਣ ਲਗ ਪਿਆ। ਸੋਚੋ! ਫਿਰ ਸੱਚ ਕੀ ਹੋਇਆ। ਕੇਹੜਾ ਪਦਾਰਥ ਸਵਾਦ ਹੈ ਅਤੇ ਕੇਹੜਾ ਬੇਸਵਾਦ?

ਇਕ ਕਹਾਵਤ ਹੈ “ਮੈ ਨਾ ਮਾਨਉ ਗੁਰ ਕੀ ਬੈਣੀ। ਜਬ ਲਗ ਨਾ ਦੇਖਉ ਅਪਣੀ ਨੈਣੀ”। ਪਰ, ਆਪਣੀ ਅੱਖੀਂ ਵੇਖਿਆ ਹੋਇਆ ਸੱਚ ਵੀ, ਸਮੇ ਨਾਲ ਸੱਚ ਤੋਂ ਝੂਠ ਹੋ ਜਾਂਦਾ ਹੈ। ਇਸੇ ਤਰਾਂ ਹੋਰ ਮਿਸਾਲ : ਆਪਾਂ ਸਾਰੇ ਸੂਰਜ ਨੂੰ ਵੇਖਦੇ ਹਾਂ। ਜੋ ਸੂਰਜ ਸਵੇਰੇ ਅਤੇ ਸ਼ਾਮ ਨੂੰ ਬੜੇ ਵੱਡੇ ਆਕਾਰ ਦਾ ਦਿਸਦਾ ਹੈ, ਦੁਪਹਿਰ ਨੂੰ ਓਹੋ ਸੂਰਜ ਹੀ ਛੋਟਾ ਦਿਸਦਾ ਹੈ ਅਤੇ ਉਸਦਾ ਰੰਗ ਵੀ ਹੋਰ ਦਿਸਦਾ ਹੈ। ਕਦੀ ਉਸਨੂੰ ਸਿਖਰ ਦੁਪਹਿਰੇ ਥਾਲੀ ਜਿੱਡਾ ਮੰਨਦੇ ਹਾਂ, ਸੁਭਾ ਸ਼ਾਮ ਪਰਾਤ ਜਿਡਾ ਮੰਨਦੇ ਹਾਂ। ਸੱਚਾਈ ਕੀ ਹੈ? ਸੂਰਜ ਤਾਂ ਸਾਡੀ ਧਰਤੀ ਤੋਂ ਕਈ ਗੁਣਾ ਵੱਡਾ ਲੱਖਾਂ ਕਿਲੋ ਮੀਟਰਾਂ ਦੇ ਆਕਾਰ ਵਿੱਚ ਹੈ। ਅਸਾਡੇ ਅੱਖੀਂ ਦੇਖਿਆ ਸੱਚ ਵੀ ਸੱਚ ਨਹੀਂ ਰਹਿੰਦਾ। ਆਮ ਤੌਰ ਕਿਹਾ ਜਾਂਦਾ ਹੈ “ਮੈਂ ਅੱਖੀਂ ਦੇਖ ਕੇ ਮੰਨਾਂਗਾ”। ਜਾਂ ਮੈਂ ਅੱਖੀਂ ਦੇਖਿਆ ਹੈ। ਸੋ ਇਹ ਅੱਖੀਂ ਦੇਖਿਆ ਆਕਾਰ ਝੂਠ ਹੈ ਜਾਂ ਸੱਚ ਹੈ? ਕਿੱਨੇ ਚਿਰ ਲਈ ਸੱਚ ਹੈ? ਜਦ ਕਿ ਸੂਰਜ ਦਾ ਆਕਾਰ ਅਤੇ ਰੰਗ ਬਦਲਦੇ ਨਹੀਂ, ਇਕੋ ਜਿਹੇ ਹੀ ਰਹਿੰਦੇ ਹਨ। ਸੂਰਜ ਦਾ ਕਿਹੜੇ ਰੰਗ ਤੇ ਆਕਾਰ ਨੂੰ ਸੱਚ ਜਾਂ ਝੂਠ ਕਹਿ ਸਕਦੇ ਹਾਂ? ਵਿਗਿਆਨਕਾਂ ਦੇ ਦਸੇ ਨੂੰ, ਜਾਂ ਆਪਣੇ ਵੇਖੇ ਨੂੰ, ਸਵੇਰ ਵਾਲੇ ਨੂੰ ਜਾਂ ਦੁਪਹਿਰ ਵਾਲੇ ਨੂੰ? ਫੈਸਲਾ ਪਾਠਕਾਂ ਹੱਥ ਹੈ।

ਹੋਰ ਉਦਾਹਰਣ = ਜਿਤਨਾ ਚਿਰ ਹੀਰੇ ਦੀ ਪਰਖ ਨਾ ਹੋਵੇ ਉਤਨਾ ਚਿਰ ਨਕਲੀ ਹੀਰਾ ਸੱਚਾ ਅਸਲੀ ਹੁੰਦਾ ਹੈ ਪੰ੍ਰਤੂ ਜਦੋਂ ਪਰਖ ਹੋ ਜਾਵੇ, ਓਦੋਂ, ਓਹੋ ਹੀ ਹੀਰਾ ਝੂਠਾ ਨਕਲੀ ਹੋ ਜਾਂਦਾ ਹੈ। ਪਹਿਲਾ ਸੱਚ ਝੂਠ ਹੋ ਗਿਆ, ਕਿਓਂ?

ਗਰਮੀਆਂ ਵਿੱਚ ਰੇਤੀਲੇ ਟਿੱਬਿਆਂ ਉਤੇ, ਪੱਕੀਆਂ ਸੜਕਾਂ ਉਤੇ ਜੋ ਪਾਣੀ ਜਾਪਦਾ ਹੈ, ਉਸ ਨੂੰ ਗੁਰਬਾਣੀ ਵਿੱਚ “ਮ੍ਰਿਗ ਤ੍ਰਿਸ਼ਨਾ ਜਾਂ ਹਰਿਚੰਦੌਰੀ” ਲਿਖਿਆ ਹੈ। “ਮ੍ਰਿਗ ਤ੍ਰਿਸਨਾ ਜਿਉ ਝੂਠਉ”। ਦੂਰੋਂ ਉਥੇ ਪਾਣੀ ਜਾਪਦਾ ਹੈ, ਜਾਨਵਰ ਜਾਂ ਮਨੁਖ ਉਥੇ ਪਾਣੀ ਪੀਣ ਲਈ ਜਾਂਦਾ ਹੈ, ਉਥੇ ਪਹੁੰਚ ਕੇ ਵੇਖਦਾ ਹੈ ਪਾਣੀ ਹੈ ਨਹੀਂ। ਜਿਤਨਾ ਚਿਰ ਉਸਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਪਾਣੀ ਨਹੀਂ ਉਤਨਾ ਚਿਰ ਉਸ ਲਈ ਉਥੇ ਪਾਣੀ ਦੀ ਹੋਂਦ ਸੱਚ ਸੀ, ਜਦੋਂ ਪਤਾ ਲਗ ਗਿਆ ਕਿ ਇਥੇ ਪਾਣੀ ਨਹੀਂ ਹੈ ਅਤੇ ਪਹਿਲੋਂ ਵੀ ਨਹੀਂ ਸੀ, ਉਦੋਂ ਉਹੋ ਹੀ ਸੱਚ, ਝੂਠ ਵਿਚ ਬਦਲ ਗਿਆ। ਫਿਰ ਸੱਚ ਕੀ ਹੋਇਆ?

ਹੋਰ ਉਦਾਹਰਣ = ਇਕ ਔਰਤ ਨੂੰ ਬੱਚਾ ਹੋਇਆ ਪਰ ਬੱਚੇ ਨੂੰ ਚੁੰਘਾਉਣ ਲਈ ਦੁਧ ਨ ਉਤਰਿਆ। ਉਹ ਔਰਤ ਬੱਚੇ ਨੂੰ ਦੁਧ ਦੀ ਥਾਂ ਆਟਾ ਘੋਲ ਕੇ ਪਿਆਉਂਦੀ ਰਹੀ, ਭੁਖ ਦਾ ਮਾਰਾ ਬੱਚਾ, ਉਸੇ ਆਟੇ ਦੇ ਘੋਲ ਨੂੰ ਹੀ ਦੁਧ ਸਮਝ ਕੇ ਪੀਂਦਾ ਰਿਹਾ। ਇਕ ਦਿਨ ਕਿਸੇ ਹੋਰ ਔਰਤ ਨੇ ਮਾਂ ਦੀ ਗੈਰਹਾਜਰੀ ਵਿੱਚ ਬੱਚੇ ਨੂੰ ਅਸਲੀ ਦੁਧ ਪਿਆ ਦਿੱਤਾ। ਬੱਚੇ ਨੂੰ ਪਤਾ ਲਗ ਗਿਆ ਕਿ ਦੁਧ ਕੀ ਹੁੰਦਾ ਹੈ, ਓਹ ਆਟੇ ਦਾ ਘੋਲ ਪੀਣੋ ਹਟ ਗਿਆ। ਜਿਨਾ ਚਿਰ ਬੱਚੇ ਨੇ ਦੁਧ ਦਾ ਸਵਾਦ ਨਹੀਂ ਸੀ ਵੇਖਿਆ ਓਨਾ ਚਿਰ ਉਸ ਲਈ ਆਟੇ ਦਾ ਘੋਲ ਹੀ ਦੁਧ ਸੀ। ਸੱਚ ਕੀ ਹੋਇਆ? ਕਿੱਨੇ ਚਿਰ ਲਈ ਹੋਇਆ?

ਵਿਗਿਆਨਕਾਂ ਦੇ ਗਿਆਨ ਵਿੱਚ ਵਾਧਾ ਹੋਣ ਨਾਲ ਉਨਾ ਦੇ ਅਪਣੇ ਤੱਥ ਵੀ ਝੂਠੇ ਹੋ ਜਾਂਦੇ ਹਨ ਜਦੋਂ ਉਨਾ ਵਲੋਂ ਕੀਤੀ ਅਪਣੀ ਖੋਜ ਹੀ ਆਪਣੇ ਪੁਰਾਣੇ ਤੱਥਾਂ ਨੂੰ ਝੂਠ ਸਾਬਤ ਕਰ ਦਿੰਦੀ ਹੈ।ਸੱਚ; ਝੂਠ ਬਣ ਜਾਂਦਾ ਹੈ।

ਸੱਚ ਓਨਾ ਚਿਰ ਹੀ ਸੱਚ ਰਹਿੰਦਾ ਹੈ ਜਿੱਨਾ ਚਿਰ ਸਾਨੂੰ ਉਸ ਗਲ ਵਿੱਚ ਵਿਸ਼ਵਾਸ਼ ਰਹੇ ਕਿ ਇਹ ਸੱਚ ਹੈ। ਸਮੇ ਨਾਲ, ਕਿਸੇ ਘਟਨਾ ਨਾਲ, ਜਦੋਂ ਸਾਡਾ ਵਿਸ਼ਵਾਸ਼ ਉਸ ਗੱਲ ਤੋਂ ਹਟ ਜਾਵੇ ਤਾਂ ਉਹੋ ਸੱਚ ਹੀ ਝੂਠ ਬਣ ਜਾਂਦਾ ਹੈ।ਜਿਨਾਂ ਕਾਰਨਾਂ ਕਰਕੇ ਸਾਡਾ ਵਿਸ਼ਵਾਸ਼ ਕਿਸੇ ਚੀਜ ਵਿੱਚ ਹੋਇਆ ਸੀ ਜਦੋਂ ਓਹ ਕਾਰਨ ਬਦਲਦੇ ਹਨ ਤਾਂ ਸਾਡਾ ਵਿਸ਼ਵਾਸ਼ ਵੀ ਬਦਲਦਾ ਹੈ ਅਤੇ ਮੰਨਿਆ ਹੋਇਆ ਸੱਚ; ਝੂਠ ਬਣ ਜਾਂਦਾ ਹੈ।

ਇਸ ਵਾਸਤੇ = ਜਿਨਾਂ ਚਿਰ ਕਿਸੇ ਗਲ ਉੱਤੇ ਵਿਸ਼ਵਾਸ਼ ਨਾ ਆਵੇ ਓਨਾ ਚਿਰ ਉਹ ਸੱਚ ਨਹੀਂ। ਸੰਖੇਪ ਵਿਚ =ਵਿਸ਼ਵਾਸ਼ ਔਣ ਤੋਂ ਬਿਨਾ ਕੁਝ ਵੀ ਸੱਚ ਨਹੀਂ। ਅਟੱਲ ਸਚਾਈ ਇਹ ਹੈ = ਕਿਸੇ ਵੀ ਸੂਚਨਾ ਜਾਂ ਜਾਣਕਾਰੀ ਨੂੰ ਸਹੀ ਮੰਨ ਕੇ ਉਸ ਵਿਚ ਵਿਸ਼ਵਾਸ ਹੋ ਜਾਵੇ, ਓਹ ਹੀ ਸੱਚ ਹੈ। ਜਿਨਾ ਚਿਰ ਉਹ ਵਿਸ਼ਵਾਸ਼ ਬਣਿਆ ਰਹੇ।

ਉਪਰੋਕਤ ਲਿਖਿਆ, ਜੇ ਮੰਨਣ ਅੰਦਰ ਨਾ ਆਵੇ ਤਾਂ ੧੦ ਮਿਨਟ ਲਈ ਇਕੱਲੇ ਬੈਠ ਕੇ ਸੋਚੋ, ਅਪਣੇ ਜੀਵਨ ਨੂੰ ਪੜਚੋਲੋ। ਕੀ, ਜੋ ਕੁਛ ਸਾਲ ਪਹਿਲੋਂ ਅਸਾਨੂੰ ਸੱਚ ਲਗਦਾ ਸੀ, ਓਹੋ ਸੱਚ ਅੱਜ ਝੂਠ ਤਾਂ ਨਹੀਂ ਲਗਣ ਲਗ ਪਿਆ? ਜਾਂ ਜੋ ਝੂਠ ਲਗਦਾ ਸੀ ਓਹ ਸੱਚ ਤਾਂ ਨਹੀ ਲਗਣ ਲੱਗ ਪਿਆ? ਜੇ ਨਿਰਪੱਖ ਹੋਕੇ ਸੋਚੋਗੇ ਤਾਂ ਮੇਰੇ ਨਾਲ ਜਰ੍ਰੁਰ ਸਹਿਮਤ ਹੋ ਜਾਉਗੇ।