ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ।
ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁਲਣਾ ਦਿੰਦੇ ਨੇ।
ਇੱਕੋ ਸ਼ਬਦ ਸੱਚ ਦੇ ਕਈ ਅਰਥ ਹੁੰਦੇ ਹਨ। ਮੈ ਇਥੇ ਬੋਲੇ ਜਾਣ ਵਾਲਾ ਸੱਚ ਦੀ ਗਲ ਕਰ ਰਿਹਾ ਹਾਂ।। ਬਾਣੀ ਵਿੱਚ ਵੀ ਲਿਖਿਆ ਹੈ “ਬੋਲੀਐ ਸਚ ਝੂਠ ਨ ਬੋਲੀਐ”।
ਸੱਚ ਇਹ ਨਹੀਂ ਜੋ ਤੁਸੀਂ ਅਤੇ ਮੈਂ ਸਮਝਦੇ ਹਾਂ। ਸੱਚ ਤਾਂ ਕੁਛ ਹੋਰ ਹੀ ਹੈ? ਕਿਉਂਕਿ ਹਰ ਮਨੁੱਖ ਦਾ ਆਪਣਾ ਆਪਣਾ ਸੱਚ ਹੈ।
ਸਮਾਂ ਪਾਕੇ ਉਹ ਆਪਣਾ ਸੱਚ ਵੀ ਝੂਠ ਵਿੱਚ ਪਰਿਵਰਤਤ ਹੋ ਜਾਂਦਾ ਹੈ। ਕਿਉਂਕਿ, ਹਾਲਾਤ ਸਦਾ ਹੀ ਬਦਲਦੇ ਰਹਿੰਦੇ ਹਨ। ਹਾਲਾਤ ਬਦਲਣ ਨਾਲ ਮਨੁਖ ਦੇ ਵੀਚਾਰ ਵੀ ਬਦਲਦੇ ਹਨ। ਵੀਚਾਰ ਬਦਲਣ ਨਾਲ ਸੱਚ ਝੂਠ ਬਣ ਜਾਂਦਾ ਹੈ ਤੇ ਝੂਠ ਸੱਚ ਬਣ ਜਾਂਦਾ ਹੈ। ਇਸ ਲਈ, ਸੱਚ ਕੁਛ ਵੀ ਨਹੀਂ। ਕਿਸੇ ਗੱਲ ਬਾਰੇ ਆਪਣਾ ਵਿਸ਼ਵਾਸ਼ ਹੋਣਾ ਹੀ ਸੱਚ ਹੈ, ਜਿਨਾ ਚਿਰ ਓਹ ਵਿਸ਼ਵਾਸ਼ ਬਣਿਆ ਰਹੇ।
ਜੇ ਪੇਸ਼ ਕੀਤੇ ਗਏ ਤੱਥਾਂ ਉਤੇ ਕਿਸੇ ਨੂੰ ਵਿਸ਼ਵਾਸ਼ ਨਾ ਆਵੇ ਤਾਂ ਉਸ ਮਨੁਖ ਲਈ ਓਹ ਸੱਚ ਨਹੀਂ। ਹਰ ਮਨੁਖ, ਹਰ ਤੱਥ ਨੂੰ ਅਪਣੇ ਅਪਣੇ ਢੰਗ ਨਾਲ ਸਮਝਦਾ ਹੈ ਅਤੇ ਉਸ ਦੀ ਵਿਆਖਿਆ ਕਰਦਾ ਹੈ। ਜੇ ਇਕੋ ਸੂਚਨਾ ਇਕੋ ਤਰੀਕੇ ਨਾਲ ਇਕੋ ਵਕਤ ਕਈ ਮਨੁਖਾਂ ਨੂੰ ਮਿਲੇ, ਜੋ ਇਕੋ ਸਥਾਨ ਤੇ ਹੋਣ, ਤਾਂ ਵੀ ਸਾਰੇ ਹੀ, ਓਸ ਇਕੋ ਸੂਚਨਾ ਦੀ, ਅਪਣੇ ਆਪਣੇ ਢੰਗ ਨਾਲ, ਆਪਣੇ ਗਿਆਨ ਅਨੁਸਾਰ ਵਿਆਖਿਆ ਕਰਦੇ ਹਨ। ਜੋ ਕਿ ਸਦਾ ਵਖੋ ਵੱਖ ਹੁੰਦੀ ਹੈ। ਜੇ ਕੋਈ ਘਟਨਾ, ਕਈ ਮਨੁਖਾਂ ਸਾਹਮਣੇ ਇੱਕੋ ਵਕਤ ਘਟੇ, ਉਹ ਸਾਰੇ ਉਸਨੂੰ ਇਕੋ ਸਥਾਨ ਤੋਂ ਵੇਖ ਰਹੇ ਹੋਣ: ਫਿਰ ਵੀ ਉਸਦੀ ਵਿਆਖਿਆ ਵੱਖੋ ਵੱਖ ਕਰਨਗੇ। ਜੇ ਸੱਚ ਇੱਕ ਹੈ ਤਾਂ ਵਿਆਖਿਆ ਵੱਖੋ ਵੱਖ ਕਿਓਂ?
ਜੇ ਅਸਲੀ ਸੱਚ ਨੂੰ ਜਾਨਣਾ ਹੈ ਤਾਂ ਥੱਲੇ ਲਿਖਿਆ ਪੜੋ। ਸੰਖੇਪ ਵਿਚ ਸੱਚ ਦੀ ਵਿਆਖਿਆ ਇਹ ਹੈ :
ਪੂਰਾ ਸੱਚ ਉਹ ਹੈ ਜੋ ਕਿਸੇ ਦੇ ਮੰਨਣ ਅੰਦਰ ਆ ਜਾਵੇ।
ਅਧੂਰਾ ਸੱਚ ਉਹ ਹੈ ਜੋ ਤਕੜਾ ਧੱਕੇ ਨਾਲ ਮਨਾ ਲਵੇ, ਪਰ ਮੰਨਣ ਅੰਦਰ ਨ ਆਵੇ।
ਬਾਕੀ ਸਭ ਝੂਠ।
ਜੇ ਸਰਵ ਮਾਨਯ ਸੱਚ ਇਕੋ ਹੀ ਹੁੰਦਾ ਤਾਂ ਸੱਚ ਦੀਆਂ ਕਈ ਥਿਉਰੀਆਂ ਨ ਬਣਦੀਆਂ।
ਅਟੱਲ ਸਚਾਈ ਇਹ ਹੈ: ਕਿ ਸਚਾਈ ਕੋਈ ਵੀ ਨਹੀਂ। ਸੰਪੂਰਨ ਸੱਚ ਜਾਂ ਅਟੱਲ ਸਚਾਈ ਨਾ ਦੀ ਕੋਈ ਚੀਜ ਹੈ ਹੀ ਨਹੀਂ। ਜੇ ਐਸੀ ਚੀਜ ਹੁੰਦੀ ਤਾਂ ਸਾਰੇ ਹੀ ਉਸ ਤੇ ਜਰੂਰ ਸਹਿਮਤ ਹੁੰਦੇ।
ਕਿਸੇ ਗੱਲ ਨੂੰ ਵਿਸਵਾਸ਼ ਕਰਨਾ ਅਤੇ ਉਸ ਨਾਲ ਸਹਿਮਤ ਹੋਣਾ ਹੀ ਸੱਚ ਹੈ। ਸਾਡੇ ਕਿਸੇ ਇੱਕ ਜਾਂ ਪੰਜਾਂ ਗਿਆਨ ਇੰਦਰਿਆ ਰਾਹੀਂ ਜੋ ਸੂਚਨਾ ਅਸਾਨੂੰ, ਸਮਝ ਆਕੇ, ਮੰਨਣ ਵਿੱਚ ਆ ਜਾਵੇ, ਜਿਤਨਾ ਚਿਰ ਆਈ ਰਹੇ ਉਤਨਾ ਚਿਰ ਲਈ ਓਹੋ ਹੀ ਸੱਚ ਹੈ।
ਇਸ ਤੋਂ ਬਿਨਾ ਕੁਛ ਉਹ ਵੀ ਸੱਚ ਹਨ, ਜਿਨ੍ਹਾ ਗੱਲਾਂ ਨੂੰ ਪਰਚਲਿਤ ਹੋਣ ਕਾਰਨ ਸਮਾਜ ਨੇ ਅਪਣਾ ਲਿਆ ਹੈ ਅਤੇ ਸਾਰੇ ਹੀ, ਉਸੇ ਗਲ ਨੂੰ ਬਿਨਾ ਸੋਚੇ, ਬਿਨਾ ਤਰਕ ਕੀਤੇ, ਸੱਚ ਮੰਨੀ ਜਾਂਦੇ ਹਨ।
ਸ੍ਰਿਸ਼ਟੀ ਰਚਨਾ ਤੋਂ ਲੈਕੇ ਅੱਜ ਤੱਕ ਸਭ ਤੋਂ ਵਧ ਰਿੜਕਿਆ ਜਾਣ ਵਾਲਾ ਸ਼ਬਦ ਸੱਚ ਹੈ। ਧਰਮ, ਨੀਤੀ, ਇਤਿਹਾਸ, ਦਰਸ਼ਨ- ਸ਼ਾਸਤਰ, ਸ਼ਾਸਤਰ ਆਦਿ ਵਿੱਚ ਸਭ ਤੋਂ ਵਧ ਸੱਚ ਉਤੇ ਹੀ ਚਰਚਾ ਹੋਈ ਹੈ। ਫਿਰ ਵੀ ਇਸ ਸ਼ਬਦ ਦੀ ਸਭ ਤੋਂ ਵਧ ਗਲਤ ਵਰਤੋਂ ਹੋਈ ਹੈ ਅਤੇ ਇਸ ਦਾ ਦੁਰ-ਉਪਯੋਗ ਹੋਇਆ ਹੈ। ਇਸੇ ਕਰਕੇ ਪੂਰਬੀ ਤੇ ਪਛਮੀ ਵਿਦਵਾਨਾਂ ਨੇ ਇਸ ਬਾਰੇ ਕਈ ਥਿਉਰੀਆਂ ਬਣਾਈਆਂ ਹਨ ਪਰ ਸਰਵ ਮਾਨਯ ਕੋਈ ਥਿਉਰੀ ਵੀ ਨਹੀਂ ਹੋ ਸਕੀ।
ਸਾਡੇ ਵਿਚਾਰ ਬਦਲਣ ਨਾਲ, ਹਾਲਾਤ ਪਰਿਵਰਤਿਤ ਹੋਣ ਨਾਲ; ਸੱਚ ਦਾ ਝੂਠ ਕਿਵੇਂ ਬਣਦਾ ਹੈ ਅਤੇ ਝੂਠ ਦਾ ਸੱਚ ਕਿਵੇਂ ਬਣਦਾ ਹੈ। ਸਭ ਤੋਂ ਸੌਖੀ ਤੇ ਛੇਤੀ ਸਮਝ ਔਣ ਵਾਲੀ ਉਦਾਹਰਨ ਹੈ:- ਜੋ ਪਦਾਰਥ ਕਦੀ ਬਹੁਤ ਬੇਸਵਾਦ ਲਗਦੇ ਸਨ, ਤੇਜ ਭੁਖ ਲਗਣ ਨਾਲ ਉਹ ਵੀ ਸਵਾਦ ਲਗਣ ਲਗ ਪਏ। ਜਦੋਂ ਪੂਰਾ ਰੱਜ ਗਿਆ; ਜੋ ਪਦਾਰਥ ਬਹੁਤ ਸਵਾਦ ਲਗ ਰਿਹਾ ਸੀ, ਉਹੋ ਪਦਾਰਥ ਖਾਂਦਿਆਂ ਖਾਂਦਿਆਂ ਹੀ ਬੇਸਵਾਦ ਲਗਣ ਲਗ ਪਿਆ।
ਸੋਚੋ! ਫਿਰ ਸੱਚ ਕੀ ਹੋਇਆ। ਕੇਹੜਾ ਪਦਾਰਥ ਸਵਾਦ ਹੈ ਅਤੇ ਕੇਹੜਾ ਬੇਸਵਾਦ?
ਇਕ ਕਹਾਵਤ ਹੈ “ਮੈ ਨਾ ਮਾਨਉ ਗੁਰ ਕੀ ਬੈਣੀ। ਜਬ ਲਗ ਨਾ ਦੇਖਉ ਅਪਣੀ ਨੈਣੀ”। ਪਰ, ਆਪਣੀ ਅੱਖੀਂ ਵੇਖਿਆ ਹੋਇਆ ਸੱਚ ਵੀ, ਸਮੇ ਨਾਲ ਸੱਚ ਤੋਂ ਝੂਠ ਹੋ ਜਾਂਦਾ ਹੈ। ਇਸੇ ਤਰਾਂ ਹੋਰ ਮਿਸਾਲ : ਆਪਾਂ ਸਾਰੇ ਸੂਰਜ ਨੂੰ ਵੇਖਦੇ ਹਾਂ। ਜੋ ਸੂਰਜ ਸਵੇਰੇ ਅਤੇ ਸ਼ਾਮ ਨੂੰ ਬੜੇ ਵੱਡੇ ਆਕਾਰ ਦਾ ਦਿਸਦਾ ਹੈ, ਦੁਪਹਿਰ ਨੂੰ ਓਹੋ ਸੂਰਜ ਹੀ ਛੋਟਾ ਦਿਸਦਾ ਹੈ ਅਤੇ ਉਸਦਾ ਰੰਗ ਵੀ ਹੋਰ ਦਿਸਦਾ ਹੈ। ਕਦੀ ਉਸਨੂੰ ਸਿਖਰ ਦੁਪਹਿਰੇ ਥਾਲੀ ਜਿੱਡਾ ਮੰਨਦੇ ਹਾਂ, ਸੁਭਾ ਸ਼ਾਮ ਪਰਾਤ ਜਿਡਾ ਮੰਨਦੇ ਹਾਂ। ਸੱਚਾਈ ਕੀ ਹੈ? ਸੂਰਜ ਤਾਂ ਸਾਡੀ ਧਰਤੀ ਤੋਂ ਕਈ ਗੁਣਾ ਵੱਡਾ ਲੱਖਾਂ ਕਿਲੋ ਮੀਟਰਾਂ ਦੇ ਆਕਾਰ ਵਿੱਚ ਹੈ। ਅਸਾਡੇ ਅੱਖੀਂ ਦੇਖਿਆ ਸੱਚ ਵੀ ਸੱਚ ਨਹੀਂ ਰਹਿੰਦਾ। ਆਮ ਤੌਰ ਕਿਹਾ ਜਾਂਦਾ ਹੈ “ਮੈਂ ਅੱਖੀਂ ਦੇਖ ਕੇ ਮੰਨਾਂਗਾ”। ਜਾ ਮੈਂ ਅੱਖੀਂ ਦੇਖਿਯਾ ਹੈ। ਸੋ, ਇਹ ਅੱਖੀਂ ਦੇਖਿਆ ਆਕਾਰ ਝੂਠ ਹੈ ਜਾਂ ਸੱਚ ਹੈ? ਕਿੱਨੇ ਚਿਰ ਲਈ ਸੱਚ ਹੈ? ਜਦ ਕਿ ਸੂਰਜ ਦਾ ਆਕਾਰ ਅਤੇ ਰੰਗ ਬਦਲਦੇ ਨਹੀਂ, ਇਕੋ ਜਿਹੇ ਹੀ ਰਹਿੰਦੇ ਹਨ। ਸੂਰਜ ਦੇ ਕਿਹੜੇ ਰੰਗ ਤੇ ਆਕਾਰ ਨੂੰ ਸੱਚ ਜਾਂ ਝੂਠ ਕਹਿ ਸਕਦੇ ਹਾਂ? ਵਿਗਿਆਨਕਾਂ ਦੇ ਦਸੇ ਨੂੰ, ਜਾਂ ਆਪਣੇ ਵੇਖੇ ਨੂੰ, ਸਵੇਰ ਵਾਲੇ ਨੂੰ ਜਾਂ ਦੁਪਹਿਰ ਵਾਲੇ ਨੂੰ? ਫੈਸਲਾ ਪਾਠਕਾਂ ਹੱਥ ਹੈ।
ਹੋਰ ਉਦਾਹਰਣ = ਜਿਤਨਾ ਚਿਰ ਕਿਸੇ ਵਸਤੂ ਦੀ ਪਰਖ ਨਾ ਹੋਵੇ ਉਤਨਾ ਚਿਰ ਨਕਲੀ ਸੱਚੀ ਅਸਲੀ ਹੁੰਦੀ ਹੈ ਪਰੰਤੂ, ਜਦੋਂ ਪਰਖ ਹੋ ਜਾਵੇ, ਓਦੋਂ, ਓਹੋ ਹੀ ਝੂਠੀ ਨਕਲੀ ਹੋ ਜਾਂਦੀ ਹੈ। ਪਹਿਲਾ ਸੱਚ ਝੂਠ ਹੋ ਗਿਆ, ਕਿਓਂ?
ਗਰਮੀਆਂ ਵਿੱਚ ਰੇਤੀਲੇ ਟਿੱਬਿਆਂ ਉਤੇ, ਪੱਕੀਆਂ ਸੜਕਾਂ ਉਤੇ ਜੋ ਪਾਣੀ ਜਾਪਦਾ ਹੈ, ਉਸ ਨੂੰ ਗੁਰਬਾਣੀ ਵਿੱਚ “ਮ੍ਰਿਗ ਤ੍ਰਿਸ਼ਨਾ ਜਾਂ ਹਰਿਚੰਦੌਰੀ” ਲਿਖਿਆ ਹੈ। “ਮ੍ਰਿਗ ਤ੍ਰਿਸਨਾ ਜਿਉ ਝੂਠਉ”। ਦੂਰੋਂ, ਉਥੇ ਪਾਣੀ ਜਾਪਦਾ ਹੈ, ਜਾਨਵਰ ਜਾਂ ਮਨੁਖ ਉਥੇ ਪਾਣੀ ਪੀਣ ਲਈ ਜਾਂਦਾ ਹੈ, ਉਥੇ ਪਹੁੰਚ ਕੇ ਵੇਖਦਾ ਹੈ ਪਾਣੀ ਹੈ ਨਹੀਂ। ਜਿਤਨਾ ਚਿਰ ਉਸਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਪਾਣੀ ਨਹੀਂ ਉਤਨਾ ਚਿਰ ਉਸ ਲਈ ਉਥੇ ਪਾਣੀ ਦੀ ਹੋਂਦ ਸੱਚ ਸੀ, ਜਦੋਂ ਪਤਾ ਲਗ ਗਿਆ ਇਥੇ ਪਾਣੀ ਨਹੀਂ ਹੈ ਅਤੇ ਪਹਿਲੋਂ ਵੀ ਨਹੀਂ ਸੀ, ਉਦੋਂ ਉਹੋ ਹੀ ਸੱਚ, ਝੂਠ ਵਿਚ ਬਦਲ ਗਿਆ। ਫਿਰ ਸੱਚ ਕੀ ਹੋਇਆ?
ਜੋ ਮੰਨਣ ਅੰਦਰ ਆ ਜਾਵੇ-ਪੂਰਾ ਸੱਚ।
ਜੋ ਤਕੜਾ ਧੱਕੇ ਨਾਲ ਮਨਾ ਲਵੇ, ਉਹ ਅਧੂਰਾ ਸੱਚ।
ਵਿਗਿਆਨਕਾਂ ਦੇ ਗਿਆਨ ਵਿੱਚ ਵਾਧਾ ਹੋਣ ਨਾਲ ਉਨਾ ਦੇ ਅਪਣੇ ਤੱਥ ਵੀ ਝੂਠੇ ਹੋ ਜਾਂਦੇ ਹਨ ਜਦੋਂ ਉਨਾ ਵਲੋਂ ਕੀਤੀ ਅਪਣੀ ਖੋਜ ਹੀ ਆਪਣੇ ਪੁਰਾਣੇ ਤੱਥਾਂ ਨੂੰ ਝੂਠ ਸਾਬਤ ਕਰ ਦਿੰਦੀ ਹੈ। ਸੱਚ; ਝੂਠ ਬਣ ਜਾਂਦਾ ਹੈ।
ਇਸ ਵਾਸਤੇ= ਜਿਨਾਂ ਚਿਰ ਕਿਸੇ ਗਲ ਉੱਤੇ ਵਿਸ਼ਵਾਸ਼ ਨਾ ਆਵੇ ਓਨਾ ਚਿਰ ਉਹ ਸੱਚ ਨਹੀਂ। ਸੱਚ ਓਨਾ ਚਿਰ ਹੀ ਸੱਚ ਰਹਿੰਦਾ ਹੈ ਜਿੱਨਾ ਚਿਰ ਸਾਨੂੰ ਉਸ ਗਲ ਵਿੱਚ ਵਿਸ਼ਵਾਸ਼ ਰਹੇ ਕਿ ਇਹ ਸੱਚ ਹੈ। ਸਮੇ ਨਾਲ, ਕਿਸੇ ਘਟਨਾ ਨਾਲ, ਜਦੋਂ ਸਾਡਾ ਵਿਸ਼ਵਾਸ਼ ਉਸ ਗੱਲ ਤੋਂ ਹਟ ਜਾਵੇ ਤਾਂ ਉਹੋ ਸੱਚ ਹੀ ਝੂਠ ਬਣ ਜਾਂਦਾ ਹੈ। ਜਿਨਾਂ ਕਾਰਨਾਂ ਕਰਕੇ ਸਾਡਾ ਵਿਸ਼ਵਾਸ਼ ਕਿਸੇ ਚੀਜ ਵਿੱਚ ਹੋਇਆ ਸੀ ਜਦੋਂ ਓਹ ਕਾਰਨ ਬਦਲਦੇ ਹਨ ਤਾਂ ਸਾਡਾ ਵਿਸ਼ਵਾਸ਼ ਵੀ ਬਦਲਦਾ ਹੈ ਅਤੇ ਮੰਨਿਆ ਹੋਇਆ ਸੱਚ; ਝੂਠ ਬਣ ਜਾਂਦਾ ਹੈ।
ਸੰਖੇਪ ਵਿਚ= ਵਿਸ਼ਵਾਸ਼ ਔਣ ਤੋਂ ਬਿਨਾ ਕੁਝ ਵੀ ਸੱਚ ਨਹੀਂ। ਅਟੱਲ ਸਚਾਈ ਇਹ ਹੈ= ਕਿਸੇ ਵੀ ਸੂਚਨਾ ਜਾਂ ਜਾਣਕਾਰੀ ਨੂੰ ਸਹੀ ਮੰਨ ਕੇ ਉਸ ਵਿਚ ਵਿਸ਼ਵਾਸ ਹੋ ਜਾਵੇ, ਓਹ ਹੀ ਸੱਚ ਹੈ। ਜਿਨਾ ਚਿਰ ਉਹ ਵਿਸ਼ਵਾਸ਼ ਬਣਿਆ ਰਹੇ।
ਸੱਚ ਬਾਰੇ ਮਹਾਨ ਕਵੀਆਂ ਦੇ ਵਿਚਾਰ:-
ਕਰਤਾਰ ਸਿੰਘ ਬਲਗਣ ਨੇ ਬਹੁਤ ਸੁੰਦਰ ਸਤਰਾਂ ਲਿਖੀਆਂ ਹਨ।
ਸੱਚ ਦੀ ਭਾਲ
ਉਸ ਚੰਦਰੇ ਨੂੰ ਚਿੱਠੀ ਲਿਖ ਕੇ, ਕਿਸ ਦੀ ਰਾਹੀਂ ਪਾਵਾਂ।
ਦੱਸੋ ਲੋਕੋ, ਦੱਸੋ ਕੋਈ ਸੱਚ ਦਾ ਕੀ ਸਰਨਾਵਾਂ।…….
ਟਿਚਕਰ ਕਰ ਕੇ ਆਖੇ ਕੋਈ, ਤੂੰ ਹੈਂ ਜਿਸ ਲਈ ਸਿਕਦਾ,
ਉਹ ਸਚ ਤੇ ਅਜ ਟਕੇ ਟਕੇ ਤੋਂ ਹੱਟੀ ਹੱਟੀ ਵਿਕਦਾ,
ਮੰਡੀਆਂ ਦੇ ਵਿਚ ਵੇਚਣ ਲੋਕੀਂ, ਜੀਕਣ ਮੱਝਾਂ ਗਾਵਾਂ।
ਦੱਸੋ ਲੋਕੋ, ਦੱਸੋ ਕੋਈ ਸੱਚ ਦਾ ਕੀ ਸਰਨਾਵਾਂ।
ਕਹਿਣ ਵਡੇਰੇ, ਸੱਚ ਨੂੰ ਲਭਦਾ ਹੈ ਮੁਲਖਈਆ ਰੁੜਿਆ,
ਮੂਰਖ ਕਵੀਆ। ਸੱਚ ਦੇ ਬਾਝੋਂ ਤੇਰਾ ਕੰਮ ਕੀ ਥੁੜਿਆ:
ਤੇਰੇ ਵਾਂਗੂ ਫਿਰਦਾ ਹੋਣੈਂ ਉਹ ਵੀ ਕਿਤੇ ਨਿਥਾਵਾਂ।
ਦੱਸੋ ਲੋਕੋ, ਦੱਸੋ ਕੋਈ, ਸੱਚ ਦਾ ਕੀ ਸਰਨਾਵਾਂ।
“ਤੇਰੇ ਸ਼ੰਕੇ” ਕਵਿਤਾ ਵਿੱਚ ਕਵੀ ਆਪਣੀ ਪਤਨੀ ਨੂੰ ਸੱਚ ਬਾਰੇ ਕਹਿੰਦਾ ਹੈ:-
ਕੋਝ ਕੱਜਦਾ ਹਾਂ, ਮੈਂ ਜ਼ਰਦਾਰਾਂ ਦੇ, ਸੁਲਤਾਨਾਂ ਦੇ,
ਆਤਮਾ ਤਕ ਕੇ ਮੇਰੀ, ਭਾਵੇਂ ਹੈ ਸ਼ਰਮ ਖਾਂਦੀ ਏ।
ਪਰ, ਗਲਾ ਘੁਟ ਕੇ ਕਰਾ ਲੈਂਦਾ ਹਾਂ ਚੂਪ, ਆਤਮਾ ਨੂੰ,
ਖੁਦਕਸ਼ੀ ਕਰਦਾ ਹਾਂ, ਪਰ ਰੋਟੀ ਤੇ ਮਿਲ ਜਾਂਦੀ ਏ।
ਜਦ ਮਹਾਰਾਜਿਆਂ ਦੇ ਅਕਲ ਦੇ ਨਕਸ਼ੇ ਖਿਚਨਾਂ,
ਉਹਨਾਂ ਵਿਚ ਆਖਦੇ ਨੇ, ਝੂਠ ਦਾ ਝੌਲਾ ਪੈਂਦੈ।
“ਝੂਠ ਤੇ ਝੂਠ ਸਹੀ, ਵਿਕਦਾ ਤਾਂ ਹੈ ਬੋਲੀ ਤੇ,
ਏਸ ਮੰਡੀ ’ਚ ਭਲਾ ਸੱਚ ਨੂੰ ਹੈ ਕਿਹੜਾ ਲੈਂਦੈ”।
ਅੱਗੇ ਸ਼ਾਇਰ ਸਾਂ ਨਿਰਾ, ਹੁਣ ਮੈਂ ਵਪਾਰੀ ਵੀ ਹਾਂ,
ਸ਼ਿਅਰ ਉਹ ਲਿਖਦਾ ਹਾਂ, ਸੰਸਾਰ ਨੂੰ ਜੋ ਭਾਂਦੇ ਨੇ।
ਜਿੰਨ੍ਹਾ ਵੀ ਲਿਖਦਾਂ ਹਕੀਕਤ ਤੋਂ ਦੁਰਾਡਾ ਹੋ ਕੇ,
ਓਨਾ ਈ ਵਧ ਕੇ ਇਹ ਬਾਜ਼ਾਰ ‘ਚ’ ਮੁਲ ਪਾਂਦੇ ਨੇ।
ਇਹ ਅਖੀਰਲੀਆਂ ਸਤਰਾਂ ਵੀ ਮੇਰੀ ਇਸ ਗਲ ਦੀ ਪੁਸ਼ਟੀ ਕਰਦੀਆਂ ਹਨ ਕਿ ਸੱਚ ਉਹ ਹੀ ਹੈ ਜੋ ਸਰੋਤਿਆਂ ਨੂੰ ਪਸੰਦ ਆ ਜਾਵੇ।
ਤੁਸੀਂ ਹਾਕਮ ਦੇ ਆਖੇ ਤੇ ਸਦਾ ਧੁੱਪ ਨੂੰ ਵੀ ਛਾਂ ਲਿਖਿਆ।
ਮੈਂ ਕਲਮਾਂ ਸੱਚ ਦਾ ਪੜ੍ਹਿਆ ਤੇ ਉਸਨੂੰ ਥਾਂ ਬ ਥਾਂ ਲਿਖਿਆ।
ਤੁਹਾਡੇ ਤੇ ਮੇਰੇ ਕਥਨ ਵਿੱਚ, ਕੇਵਲ ਫਰਕ ਹੈ ਏਨਾ,
ਮੈ ਸ਼ਿਕਰੇ ਨੂੰ ਕਿਹਾ ਸ਼ਿਕਰਾ, ਤੁਸੀਂ ਕੋਇਲ ਨੂੰ ਕਾਂ ਲਿਖਿਆ। (ਇੱਕ ਹੋਰ ਕਵੀ)
ਐਨਾ ਸੱਚ ਨਾ ਬੋਲ ਕਿ ਕਲਾ ਰਹਿ ਜਾਵੇਂ।
ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ। -ਸੁਰਜੀਤ ਪਾਤਰ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ।
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
ਗੀਤ ਦੀ ਮੌਤ ਜੇ ਅੱਜ ਰਾਤ ਜੇ ਹੋ ਗਈ,
ਮੇਰੇ ਦੋਸਤ ਮੇਰਾ ਜੀਣਾ ਕਿੰਝ ਸਹਿਣਗੇ। -ਸੁਰਜੀਤ ਪਾਤਰ
You make an interesting point however Universal Truth is well beyond the realms of our understanding, albeit it Universal Truth certainly does exist all around us.
ReplyDeleteI am trying to grasp it you might want to read and follow my blog http://code2liveby.blogspot.com/2011/01/book-of-truth.html
I will be most thankful for your comments