ਉੱਤਮ ਕਵਿਤਾਜਾਨ ਤੇਰੇ ਨਾਮ, ਕਾਸ਼ ਕਿ ਤੂੰ ਪਰਵਾਨ ਕਰੇਂ।
ਕਿਸਮਤ ਦੇਵੇ ਸਾਥ, ਕਾਸ਼ ਕਿ ਤੂੰ ਪਰਵਾਨ ਕਰੇਂ।
ਇਸ਼ਕ, ਸ਼ਾਇਰੀ, ਆਬਰੂ , ਦੌਲਤ, ਦੀਨ ਤੇ ਦੁਨੀਆਂ ਵਾਰਾਂ,
ਕਾਸ਼ ਕਿ ਤੂੰ ਪਰਵਾਨ ਕਰੇਂ।
ਰੱਬ ਨੂੰ ਵੀ ਪਿਛੇ ਸੁੱਟਾਂ ਕਾਸ਼ ਕਿ ਤੂੰ ਪਰਵਾਨ ਕਰੇਂ।
ਨਾ ਚਾਹੁੰਦਿਆਂ ਵੀ ਜੀ ਰਿਹਾਂ, ਖੂਨ ਦੇ ਘੁੱਟ ਪੀ ਰਿਹਾਂ,
ਅਖਿਰ ਵਿਚ ਮਰਨ ਵੇਲੇ, ਕਾਸ਼ ਕਿ ਤੂੰ ਪਰਵਾਨ ਕਰੇਂ।
ਤੇਰੇ ਲਈ ਰੱਬ ਨੂੰ ਵੀ ਠੋਕਰ ਮਾਰੀ, ਹੁਣ ਦਸ ਕੇਹੜਾ ਫਾਹ ਲਵਾਂ,
ਜਾਂ ਕਿਆਮਤ ਤੱਕ ਜੀ ਲਵਾਂ, ਸ਼ਾਇਦ, ਕਾਸ਼ ਕਿ ਤੂੰ ਪਰਵਾਨ ਕਰੇਂ।

--------------------------------------------------------------------------------------

ਜਿੰਦਗੀ ਫਕਤ ਇਕ ਮੁਲਾਕਾਤ ਹੋ।
ਮੌਤ ਹੋ ਤੋ, ਤਰਕੇ ਮੁਲਾਕਾਤ ਹੋ।
ਮੁਹਬਤ ਹੋ ਜ਼ਿੰਦਗੀ ਕਾ ਸਬੱਬ ਏਕ,
ਤੇਰੇ ਕਦਮੋਂ ਮੇਂ ਮੌਤ ਸੇ ਮੇਰੀ ਮੁਲਾਕਾਤ ਹੋ।
੬-੬-੧੯੮੮

--------------------------------------------------------------------------------------

ਅੰਮ੍ਰਿਤ ਵੇਲੇ, ਅੰਮ੍ਰਿਤ ਕੰਨਾਂ 'ਚ ਘੁਲ਼ਦਾ, ਕੋਇਲ ਤੂ ਹੀ ਤੂ ਅਲਾਉਂਦੀ ਹੈ।
ਤੂ ਹੀ ਤੂ ਬੋਲੇ ਕੋਇਲ ਸਵੇਰੇ, ਨਾਮ ਤੇਰਾ ਲੈਕੇ ਮੈਨੂੰ ਜਗਾਉਂਦੀ ਹੈ।
ਫਿਜ਼ਾ ਮਹਿਕ ਜਾਂਦੀ, ਕੰਨਾਂ 'ਚ ਮਿਸ਼ਰੀ ਘੁਲਦੀ, ਕੋਇਲ ਜਦ ਤੇਰਾ ਨਾ ਲੈਕੇ ਗਾਉਂਦੀ ਹੈ।
ਅੰਮ੍ਰਿਤ ਜ਼ਹਿਰ ਬਨਦਾ, ਹੰਝੂ ਵਹਿ ਤੁਰਦੇ, ਤੂੰ ਜਦ ਨਹੀਂ ਆਉਂਦਾ, ਪਰ ਤੇਰੀ ਯਾਦ ਆਉਂਦੀ ਹੈ। 

--------------------------------------------------------------------------------------

ਤੇਰੇ ਪਿਆਰ ਮੇ ਕੀ ਮੈਨੇ 'ਵਫਾ' ਹੈ,
ਪਿਆਰ ਮੇਂ ਕਿਆ 'ਵਫਾ' ਭੀ ਖਤਾ ਹੈ?
ਬੰਦੇ ਗੁਨਹਾਗਾਰ ਕੋ ਆਪਣੇ ਕਦਮੋਂ ਕੀ ਖਾਕ ਬਨਾ ਦੇਤਾ ਬੇਸ਼ਕ,
ਮਗਰ ਵਫਾਦਾਰ ਕੋ, ਯਹ ਨਾ ਕਹਿਤਾ ਕਿ ਤੂ 'ਬੇਵਫਾ' ਹੈ।

--------------------------------------------------------------------------------------

प्यार करना क्या गुनाह है ?
प्यार में यकीन बिना रखा ही क्या है ?
प्यार नहीं तो जिंदगी ही क्या है ?
वफा के लिए क्या एक ही सज़ा है ?
खुद को वफादार ओर मुझे कहता बेवफा है ।। 

--------------------------------------------------------------------------------------

ਮੇਰੀ ਸ਼ਮਾਂ! ਜਨਮਦਿਨ ਮੁਬਾਰਿਕ ਹੋਵੇ।
ਤੇਰਾ ਹੁਸਨ ਤੈਨੂੰ ਬਹੁਤ ਮੁਬਾਰਿਕ ਹੋਵੇ।
ਤੇਰਾ ਜੀਵਨ ਖੁਸ਼ੀਆਂ ਭਰਿਆ ਬੀਤੇ,
ਮੈ ਗਰੀਬ ਨੂੰ ਮੇਰਾ ਗਮ ਮੁਬਾਰਕ ਹੋਵੇ।
ਕਿਆਮਤ ਤੱਕ ਦੁਨੀਆਂ ਰੌਸ਼ਨ ਕਰਦੀ ਰਹੋ,
ਮੈ ਬਦਨਸੀਬ ਨੂੰ ਤੇਰਾ ਹਨੇਰਾ ਮੁਬਾਰਿਕ ਹੋਵੇ।

--------------------------------------------------------------------------------------

ਪੁਸਕਤ-ਅਲੰਕਾਰ ਨਿਰਣਯ
ਬੰਨਗੀ
ਘਨਾਸਰੀ-
ਕਰਤ ਧਰਤ ਅਰ ਹਰਤ ਸਗਲ ਜਗ, ਅਜਰ ਅਡਰ ਤਨ ਸਕਲ ਅਕਲ ਧਰ।
ਸ਼ਰਨ ਧਰਤ ਨਰ ਤਰਤ ਜਗਤ ਜਲ ਸਗਲ ਰਟਣ ਜਸ ਅਦਲ ਕਰਲ ਕਰ।
ਨਰਕ ਕਦਨ ਜਨ ਦਰਦ ਦਲਨ ਗਤ ਸਜਨ ਕਰਨ ਹਤ ਖਲਨ ਸਕਲ ਧਰ।
ਸਰਸ ਚਰਨ ਧਰ ਸ਼ਰਨ ਅਖਯ ਜਸ ਜਯ ਜਯ ਜਯ ਕਰਨ ਅਘਨ ਨਰ ਹਰ॥

--------------------------------------------------------------------------------------

ਬੰਨਗੀ ਇਕੋ ਅੱਖਰ ਦੀ
ਦੋਹਿਰਾ
ਕਾਕਾ! ਕੋਕੋ ਕੀ ਕਕੇਂ ਕੋਕਾਂ ਦੇ ਕਕ ਕੋਕ।
'ਕੋ ਕੋ' ਕੂ ਕੇ ਕਾਕ ਕੇ ਕੀ? ਕੋ ਕੂਕੇ ਕੋਕ॥੨੨੦॥
ਅਰਥ-ਹੇ ਕਾਂ ਤੂੰ ਚਕਵੇ ਦੇ ਬੋਲ ਬੋਲਕੇ 'ਕੋ ਕੋ' ਕੀ ਕਰਦਾ ਹੈਂ? ਭਲਾ ਕੋਈ ਕਾਂ ਦੇ 'ਕੋ ਕੋ' ਕਰਨ ਤੇ ਉਹਨੂੰ ਚਕਵਾ ਕਹੇਗਾ?

--------------------------------------------------------------------------------------

ਵਿਨੋਕਤੀ ਅਲੰਕਾਰ ਲੱਛਣ
ਦੋਹਿਰਾ
ਸੁੰਦਰ ਅਤੇ ਕੁਸੋਹਣੀ ਹੋਰ ਵਸਤੁ ਬਿਨ ਹੋਰ।
ਤਿਸੇ ਵਿਨੋਕਤਿ ਆਖਦੇ ਕਵਿ ਜਨ ਜੋ ਚਿਤ ਚੋਰ॥੧੩੭॥
ਕਬਿਤ-
ਸੂਰਾ ਬਿਨ ਰੋਗ ਦੇ ਸੁ ਰਾਗੀ ਬਿਨ ਸੋਨਗ ਦੇ
ਵਿਰਾਗੀ ਬਿਨਾ ਭੋਗ ਜੋ ਤ੍ਰਲੋਕੀ ਯਸ ਗਾਉਂਦੀ।
ਤਪੀਆ ਪਖੰਡ ਬਿਨਾ ਦਾਤਾ ਹੋਵੇ ਦੰਡ ਬਿਨਾ
ਪੈਲੀ ਸੀ ਕਰੰਡ ਬਿਨਾਂ ਤੂਈਆਂ ਖਿੜਾਉਂਦੀ।
ਆਰੀ ਬਿਨ ਡਾਲੀ ਉਪਕਾਰੀ ਮਾਨ ਦਾਰੀ ਬਿਨ,
ਬਿਨਾਂ ਫੈਲਕਾਰੀ ਦੇ ਕੁਮਾਰੀ ਜੱਗ ਭਾਉਂਦੀ।
ਤੂਸ਼ਣੀ ਬਿਹੀਨ ਪਰਬੀਨ ਕਵਿ 'ਕੇ ਹਰਿ' ਸੁ
ਦੂਸ਼ਨ ਬਿਹੀਨ ਕਾਵਯ ਕਾਮਨੀ ਸੁਹਾਉਂਦੀ॥

--------------------------------------------------------------------------------------

ਪੰਡਿਤ ਔਰ ਪਰਬੀਨਨ ਕੋ, ਜੋਊ ਚਿਤ ਹਰੈ ਸੋ ਕਵਿੱਤ ਕਹਾਵੈ” । (ਠਾਕੁਰ)

--------------------------------------------------------------------------------------

ਰਾਜ ਕਵੀ ਇੰਦਰ ਜੀਤ ਸਿੰਘ ‘ਤੁਲਸੀ’ ਕਾਵਿ-ਰੰਗ ਸੁੰਦਰਤਾ ਨੂੰ ਇੰਜ ਚਿਤ੍ਰਦੇ ਹਨ:

ਧੁਰ ਦਰਗਾਹੋਂ ਆਈ ਕਵਿਤਾ,
ਆਦਿ ਅੰਤ ਵਡਿਆਈ ਕਵਿਤਾ,
ਨਾਸ਼ ਨਹੀਂ ਅਬਿਨਾਸ਼ੀ ਕਵਿਤਾ,
ਅਨਮਿਟ ਪੂਰਨਮਾਸ਼ੀ ਕਵਿਤਾ,
ਧਰਤੀ ਗਗਨ ਪਤਾਲਾਂ ਅੰਦਰ
ਸੋਚਾਂ ਅਤੇ  ਖਿਆਲਾਂ ਅੰਦਰ ।
ਕਾਵ-ਗਰੰਥ, ਕਿਤਾਬਾਂ ਅੰਦਰ,
ਨੀਂਦਾਂ ਅੰਦਰ,  ਖਾਬਾਂ ਅੰਦਰ,
ਕਵਿਤਾ ਅੰਮ੍ਰਿਤ ਘੋਲ ਰਹੀ ਹੈ, 
ਸ਼ਹਿਦੋਂ ਮਿੱਠਾ ਬੋਲ ਰਹੀ ।

--------------------------------------------------------------------------------------
ਵਰਤਮਾਨ ਕਵਿੱਤ੍ਰੀ  ਸੁਖਵਿੰਦਰ ਅੰਮ੍ਰਿਤ ਲਿਖਦੀ ਹੈ:-

ਕਦੇ ਮਰ ਮਰ ਕੇ ਬਣਦੀ ਹੈ ਮਸਾਂ ਇਕ ਸਤਰ ਕਵਿਤਾ ਦੀ,
ਕਦੇ ਇਉਂ ਉਤਰਦੀ ਹੈ ਜਿਸਤਰਾਂ ਇਲਹਾਮ ਹੋਵੇ ।

--------------------------------------------------------------------------------------

ਅਦਭੁਤ ਕਵੀ ਪ੍ਰੋ: ਪੂਰਨ ਸਿੰਘ ਦੇ ਆਖਣ ਅਨੁਸਾਰ-

“ਅੰਮ੍ਰਿਤ ਬਚਨ ਨਸਰ ਵਿੱਚ ਹੀ ਨਜ਼ਮ ਹਨ ਤੇ ਨਜ਼ਮ ਵਿੱਚ ਰੱਬੀ ਗੀਤ”।

--------------------------------------------------------------------------------------

ਭਾਈ ਵੀਰ ਸਿੰਘ ਜੀ ਕਾਵਿ ਕਲਾ ਦੀ ਕੋਮਲਤਾ ਦਾ ਨਿਰਦੇਸ਼ ਕਰਦੇ ਹੋਏ ਲਿਖਦੇ ਹਨ-

“ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤ੍ਰੀਂ ਵਸਦੀ ।
ਆਪਣੇ ਸੰਗੀਤ ਲਹਿਰੇ, ਆਪਣੇ ਸੰਗੀਤ ਚਲਦੀ”।

--------------------------------------------------------------------------------------

   ਉੱਤਮ ਕਵਿਤਾ

 ਓਹ ਕਵਿਤਾ, ਜੋ ਮੈਨੂੰ ਉੱਤਮ ਲਗਦੀ ਹੈ, ਇਥੇ ਪ੍ਰਸਤੁਤਿ ਕੀਤੀ ਹੈ ।  ਹਰ ਭਾਸ਼ਾ ਵਿੱਚ ਕਵਿਤਾ ਰਚੀ ਗਈ ਹੈ ਅਤੇ ਮਨੋਹਰ ਕਵਿਤਾ ਰਚਨ ਦੇ ਯਤਨ ਵੀ ਹੋਏ ਹਨ। ਸੰਸਾਰ ਦੀ ੯੫ % ਕਵਿਤਾ ਪ੍ਰੇਮ ਬਾਰੇ ਲਿਖੀ ਗਈ ਹੈ ਬਾਕੀ   % ਇਨਕਲਾਬ, ਯੁੱਧ, ਮਹਿੰਗਾਈ  ਅਤੇ ਸਮਾਜਿਕ ਬੁਰਾਈਆਂ ਆਦਿ ਅਨੇਕ ਵਿਸ਼ਿਆਂ  ਉੱਪਰ ਲਿਖੀ ਗਈ ਹੈ । ਪ੍ਰੋ. ਪੂਰਨ ਸਿੰਘ  ਅਨੁਸਾਰ  ਪਿਆਰ ਵਿਚ ਮੋਏ ਬੰਦਿਆ ਦੇ ਮਿੱਠੇ ਬਚਨ ਕਵਿਤਾ ਹਨ ।  ਪ੍ਰੇਮ ਤੋਂ ਬਿਨਾ ਬਾਕੀ ਸਾਰੀਆਂ ਕਵਿਤਾ  ਇੱਕੀ ਵਿਸ਼ੇਸ਼ ਕਾਰਨ ਅਤੇ ਵਿਸ਼ੇਸ਼ ਸਮੇ ਲਈ ਲਿਖੀਆਂ ਗਈਆਂ ਸਨ । ਸੋ, ਉਹ ਸਮੇ ਅਤੇ ਸਥਾਨ ਨਾਲ ਹੀ ਸੀਮਿਤ ਹੋਕੇ ਸਮਾਪਤ ਹੋ ਗਈਆਂ । ਪ੍ਰੇਮ ਦੀ ਕਵਿਤਾ ਸੰਸਾਰ ਭਰ ਵਿੱਚ ਸਦਾ ਹੀ ਲੋਕ ਪ੍ਰਿਅ ਰਹੀ ਹੈ । ਸਾਰੀਆਂ ਭਾਸ਼ਾਵਾਂ ਨੂੰ ਮਨੋਹਰ ਕਵਿਤਾ ਹਾਸਿਲ ਨਹੀਂ ਹੋਈ । ਜੋ ਛੰਦਬੱਧੀ ਮਨੋਹਰ ਕਵਿਤਾ ਸਾਡੀਆਂ ਭਾਸ਼ਾਵਾਂ ਨੂੰ ਮਿਲੀ ਹੈ ਇਹ ਪੱਛਮੀ ਦੇਸ਼ਾਂ ਦੀਆਂ ਭਾਸ਼ਾਵਾਂ ਨੂੰ ਨਹੀਂ ਮਿਲੀ । ਇਥੇ ਮੈਂ, ਸਿਰਫ ਪੰਜਾਬੀ, ਉਰਦੂ, ਹਿੰਦੀ ਅਤੇ ਬ੍ਰਿਜ ਭਾਸ਼ਾ ਦੀ ਕਵਿਤਾ ਦੇ ਕੁਛ ਨਮੂਨੇ ਅੰਕਿਤ ਕਰਾਂਗਾ । ਇਹ ਭਾਸ਼ਾਵਾਂ ਦਾ ਥੋੜਾ ਜਿਹਾ ਗਿਆਨ ਮੈਨੂੰ ਹੈ, ਇਸ ਲਈ ਜੋ ਮੈਨੂੰ ਪਸੰਦ ਆਇਆ ਹੈ, ਉਹ ਇਥੇ ਪ੍ਰਸਤੁਤ ਹੈ । ਪਾਠਕਾਂ ਦੀ ਚੋਣ ਮੇਰੇ ਤੋਂ ਵੱਖ ਵੀ ਹੋ ਸਕਦੀ ਹੈ । ਹੁਣ ਕੇਵਲ ਪਿਆਸੇ ਜਾਮ ਵਿੱਚੋਂ ‘ਪ੍ਰਕਾਸ਼ ਸਾਥੀ’ ਦੀ ਥੋੜੀ ਜਿਹੀ ਕਵਿਤਾ ਲਿਖੀ ਹੈ, ਇਸ ਪੁਸਤਕ ਵਿੱਚ ੧੦੦ ਕਵਿਤਾ ਹੈ-ਜੋ ਸਾਰੀਆਂ ਪੜਨ ਯੋਗ ਹਨ ।  ਜਿਵੇਂ ਜਿਵੇਂ ਸਮਾਂ ਮਿਲੇਗਾ ਹੋਰ ਕਵਿਤਾ ਦੀਆਂ ਵੰਨਗੀਆਂ ਇਥੇ ਲਿਖਦਾ ਰਹਾਂਗਾ ।     

           ਮਨੁੱਖ ਦੇ ਵਿਚਾਰ ਸਦਾ ਬਦਲਦੇ ਰਹਿੰਦੇ ਹਨ, ਵਿਚਾਰ ਬਦਲਣ ਨਾਲ ਸਵਾਦ ਵੀ ਬਦਲਦਾ ਹੈ ਅਤੇ ਚੋਣ ਵੀ ਬਦਲਦੀ ਹੈ । ਜੋ ਕਵਿਤਾ ਅੱਜ ਚੰਗੀ ਲਗਦੀ ਹੈ, ਹੋ ਸਕਦਾ ਹੈ ਕਲ ਨੂੰ ਚੰਗੀ ਨ ਲਗੇ । ਜੋ ਅੱਜ ਚੰਗੀ ਨਹੀਂ ਲਗਦੀ ਹੋ ਸਕਦਾ ਹੈ ਓਹ ਕਲ ਬਹੁਤ ਚੰਗੀ ਲੱਗੇ । ਜਿਵੇਂ: ਜਿਸ ਨਾਲ ਬੇ-ਵਫਾਈ ਨਾ ਹੋਈ ਹੋਵੇ ਉਸਨੂੰ ਬੇਵਫਾਈ ਵਾਲੀ ਕਵਿਤਾ ਚੰਗੀ ਨਹੀਂ ਲਗੇਗੀ, ਪਰ ਜਦੋਂ ਬੇਵਫਾਈ ਹੋ ਜਾਵੇ ਤਾਂ ਉਸੇ ਨੂੰ ਬੇਵਫਾਈ ਵਾਲੀ, ਉਹੋ ਕਵਿਤਾ ਅੱਤਿ ਚੰਗੀ ਲਗੇਗੀ । ਪਿੰਗਲ ਅਤੇ ਛੰਦਾਬੰਦੀ  ਦੇ ਨਿਯਮਾਂ ਦੀ ਕਿੱਨਿਆਂ ਸਰੋਤਿਆਂ ਨੂੰ ਸਮਝ ਹੈ? ਕੇਵਲ ਪਿੰਗਲ ਅਤੇ ਛੰਦਾਬੰਦੀ ਪੱਖੋਂ ਚੰਗੀ ਹੋਣ ਕਰਕੇ ਨਹੀਂ, ਸਗੋਂ, ਅਸੀਂ ਆਪਣੇ ਵਿਚਾਰਾਂ ਦੇ ਅਨੁਕੂਲ ਹੋਣ ਕਰਕੇ ਹੀ ਕਵਿਤਾ ਨੂੰ ਚੰਗਾ ਮੰਨਦੇ ਹਾਂ, ਮਨੁਖੀ ਸੁਭਾ ਐਸਾ ਹੀ ਹੈ । ਉਪਨਿਸ਼ਦਾਂ ਵਿੱਚ ਮਨੁਖੀ ਵਿਚਾਰਾਂ ਨੂੰ ਦੀਵੇ ਦੀ ਲਾਟ ਸਮਾਨ ਅ-ਸਥਿਰ ਮੰਨਿਆ ਹੈ, ਜੋ ਸਦਾ ਹੀ ਵਧਦੀ ਘਟਦੀ ਰਹਿੰਦੀ ਹੈ ਅਤੇ ਸਦਾ ਹੀ ਡੋਲਦੀ ਰਹਿੰਦੀ ਹੈ । ਗੁਰਬਾਣੀ ਵਿੱਚ ਵੀ ਲਿਖਿਆ ਹੈ “ਕਭਹੂ ਜੀਅੜਾ ਊਭ ਚੜਤ ਹੈ ਕਬਹੂ ਜਾਇ ਪਇਆਲੇ”।  ਸੋ, ਮਨੁੱਖ ਦਾ ਸੁਭਾ ਐਸਾ ਹੀ ਹੈ ।

---------------------------------------------------------------------------------------------------

ਪ੍ਰਕਾਸ਼ ਸਾਥੀ ਗ਼ਜ਼ਲ ਬਾਰੇ ਲਿਖਦੇ ਹਨ

ਗ਼ਜ਼ਲ- ਇਕ ਬੜਾ ਮੁਸ਼ਿਕਲ ਛੰਦ ਹੈ, ਕਿਉਂਕਿ ਇਸ ਦੀ ਹਰ ਤੁਕ ਵਿਚ ਇਕ ਵਖ਼ਰਾ ਖ਼ਿਆਲ ਦੇਣਾ ਪੈਂਦਾ ਹੈ- ਗ਼ਜ਼ਲ ਦਾ ਹਰ ਇਕ ਸ਼ਿਅਰ ਇਕ ਪੂਰੀ ਕਵਿਤਾ ਯਾਂ ਇਕ ਪੂਰਾ  ਅਫਸਾਨਾ ਹੁੰਦਾ ਹੈ-ਖਿਆਲਾਂ ਦੀ ਉਡਾਰੀ ਨੂੰ ਗ਼ਜ਼ਲ ਦੇ ਇਸ ਢਾਂਚੇ ਅਨੁਸਾਰ ਢਾਲ੍ਹਿਆ ਜਾਂਦਾ ਹੈ-ਜਿਸ ਨੂੰ ਅਸੀਂ-ਮਤਲਾ, ਕਾਫੀਆਰਦੀਫ਼, ਮਕਤਾ ਤੇ ਬੈਹਿਰ ਕਹਿੰਦੇ ਹਾਂ-ਗ਼ਜ਼ਲ ਦੀਆਂ ਪਹਿਲੀਆਂ ਦੋ ਸਤਰਾਂ ਨੂੰ ਮਤਲਾ ਕਹਿੰਦੇ ਹਨ- ਬੈਹਿਰ ਤੇ  ਕਾਫੀਆ ਗ਼ਜ਼ਲ ਦੇ ਗਿਰਦ ਘੁਮਦੇ ਹਨ-  ਰਦੀਫ਼ ਗ਼ਜ਼ਲ ਦੇ ਪੈਰਾਂ ਵਿਚ ਇਕ ਝਾਂਝਰ ਦਾ ਕੰਮ ਦੇਂਦੀ ਹੈਂ-   ਕਾਫੀਆ ਦੀ ਬੰਦਸ਼ ਕਵਿਤਾ ਵਿਚ ਆਮ ਤੌਰ ਤੇ ਪਰ ਗਜ਼ਲ ਵਿਚ ਖ਼ਾਸ ਕਰਕੇ ਇਸ ਲਈ ਜ਼ਰੂਰੀ ਹੈ ਕਿ ਇਸ ਦੀ ਛੰਨਕਾਰ ਵਿਚ ਜਜ਼ਬਾ ਤੇ ਖਿਆਲਾਂ ਦੀ ਉਡਾਰੀ ਦੀ ਰੰਗੀਨੀ ਦੂਣੀਂ ਹੋ ਜਾਂਦੀ ਹੈ- ਜ਼ਿੰਦਗੀ ਦਾ ਅਦਬ, ਆਜ਼ਾਦੀ ਨਾਲ ਨਹੀਂ, ਬਲਕਿ ਅਦਬੀ ਬੰਦਸ਼ਾ ਨਾਲ ਜ਼ਿਆਦਾ ਨਿਖ਼ਰਦਾ ਹੈ- ਗ਼ਜ਼ਲ ਦਾ ਸੰਗੀਤ ਨਾਲ ਗੂੜਾ ਰਿਸ਼ਤਾ ਹੈ-  ਕਾਫੀਆ  ਗ਼ਜ਼ਲ ਵਿਚ ਉਸ ਥਾਂ ਤੇ ਆਉਂਦਾ ਏ, ਜਿੱਥੇ ਸੰਗੀਤ ਵਿਚ ਤਬਲੇ ਦੀ ਥਾਪ-ਤਰਨੱਮ ਗ਼ਜ਼ਲ ਦੀ ਸੁੰਦਰਤਾ ਹੈ- ਗ਼ਜ਼ਲ ਲਿਖਣਾ ਕੂਜ਼ੇ ਵਿਚ ਸਮੁੰਦਰ ਤੇ ਅੱਖ ਦੇ ਤਿਲ ਵਿਚ ਆਸਮਾਨ ਵੇਖਣ ਵਾਲੀ ਗੱਲ ਹੈ ।

ਇਕ ਵਾਰ, ਮੈਂ “ਪ੍ਰਕਾਸ਼ ਸਾਥੀ” ਜੀ ਕੋਲ ਗਿਆ ਤਾਂ ਉਨਾ ਦੱਸਿਆ ਕਿ ਕਵਿਤਾ ਓਹ ਹੀ ਵਧੀਆ ਹੈ ਜੋ ਹਰ ਸਰੋਤੇ ਨੂੰ ਇਹ ਜਾਪੇ= ਇਹ ਕਵਿਤਾ ਮੇਰੇ ਹੀ ਵਾਸਤੇ ਲਿਖੀ ਗਈ ਹੈ। ਉਨਾਂ ਨੇ ਇਹ ਵੀ ਦਸਿਆ ਕਿ “ਛੰਦਾਬੰਦੀ ਦੇ ਨਿਯਮਾਂ ਵਿੱਚ ਰਹਿ ਕੇ, ਕਵਿਤਾ ਲਿਖਣੀ ਔਖੀ ਹੈ । ਬਹੁਤੀਆਂ ਕਵਿਤਾ ਵਿੱਚ ਭਾਵਨਾ ਪ੍ਰਬਲ ਹੋਣ ਕਰਕੇ ਪਿੰਗਲ ਦੇ ਨਿਯਮ ਪੂਰੇ ਨਹੀਂ ਰੱਖੇ ਜਾਂਦੇ”।  ਰਸੂਲ ਹਮਜਾਤੋਵ ਵੀ ਲਿਖਦਾ ਹੈ ।                                                    

 “ਕਵਿਤਾ ਮਨ ਵਿਚ ਬਿਨਾਂ ਐਲਾਨ ਕੀਤਿਆਂ ਆਉਂਦੀ ਹੈ, ਸੁਗਾਤ ਵਾਂਗ। ਕਵੀ ਦੀ ਦੁਨੀਆ ਉਤੇ ਕਰੜੇ ਨਿਯਮ  ਲਾਗੂ ਨਹੀਂ ਹੋ ਸਕਦੇ”।

ਸਾਥੀ ਜੀ ਦੀ ਇਕ ਕਵਿਤਾ ਅਰਥੀ ਉਠਾ ਕੇ ਚਲਣਗੇ ਪੂਰੇ ਸੰਸਾਰ ਵਿੱਚ ਲੋਕ-ਪ੍ਰਿਅ ਹੋਈ ਹੈ, ਜੋ ਇਸ ਜੀਵਨ ਦਾ ਕੌੜਾ ਸੱਚ ਹੈ ਅਤੇ ਸਾਡੇ ਸਭ ਨਾਲ ਵਾਪਰਦਾ ਹੈ । ‘ਅਰਥੀ ਉਠਾ ਕੇ ਚਲਣਗੇ’ ਵਾਲੀ ਕਵਿਤਾ ਸਾਰਿਆਂ ਨੂੰ ਚੰਗੀ ਲਗ ਸਕੇਗੀ, ਇਸੇ ਲਈ ਏਸੇ ਕਵਿਤਾ ਤੋਂ ਸ਼ੁਰੂਆਤ ਕਰ ਰਿਹਾ ਹਾਂ 

ਅਰਥੀ ਉਠਾ ਕੇ ਚਲਣਗੇ

ਜਦੋਂ ਮੇਰੀ ਅਰਥੀ, ਉਠਾ ਕੇ ਚਲਣਗੇ,
ਮੇਰੇ ਯਾਰ ਸਭ, ਹੁੰਮ-ਹੁਮਾ ਕੇ ਚਲਣਗੇ ।

ਚਲਣਗੇ ਮੇਰੇ ਨਾਲ, ਦੁਸ਼ਮਣ ਵੀ ਮੇਰੇ,
ਇਹ ਵੱਖਰੀ ਹੈ ਗੱਲ, ਮੁਸਕਰਾ ਕੇ ਚਲਣਗੇ ।

ਜਿਨ੍ਹਾਂ ਦੇ ਮੈਂ ਪੈਰਾਂ ‘ਚ, ਰੁਲਦਾ ਰਿਹਾਂ ਹਾਂ,
ਉਹ ਹੱਥਾਂ ਤੇ ਮੈਨੂੰ, ਉਠਾ ਕੇ ਚਲਣਗੇ ।

ਮੇਰੇ ਯਾਰ, ਮੋਢਾ ਵਟਾਵਣ ਬਹਾਨੇ,
ਤੇਰੇ ਦਰ ਤੇ ਸਿਜਦਾ, ਕਰਾ ਕੇ ਚਲਣਗੇ ।

ਜਿਨ੍ਹਾਂ ਨੂੰ ਮੈਂ ਪਲਕਾਂ ਦੀ, ਛਾਵੇਂ ਬਿਠਾਇਆ,
ਉਹ ਬਲਦੀ ਹੋਈ ਅੱਗ ਤੇ, ਬਿਠਾ ਕੇ ਚਲਣਗੇ ।

ਰਹੀਆਂ ਜ਼ਿੰਦਗੀ ਭਰ, ਮੇਰੇ ਤਨ ਤੇ ਲੀਰਾਂ,
ਮਰਨ ਬਾਅਦ ‘ਸਾਥੀ’, ਸਜਾ ਕੇ ਚਲਣਗੇ ।

ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ” ਇਹਨਾਂ ਦੀ ਇਸ ਪ੍ਰਸਿੱਧ ਗ਼ਜ਼ਲ ਨੇ ਇਹਨਾਂ ਦੇ ਨਾਂਮ ਨੂੰ ਦੇਸ਼ ਦੇ ਕੋਨੇ ਕੋਨੇ ਵਿਚ ਪਹੁੰਚਾ ਦਿਤਾ। ਇਸੇ ਗ਼ਜ਼ਲ ਤੇ ਪੰਜਾਬ ਦੇ ਮੁਖ ਮੰਤ੍ਰੀ ਸ: ਲਛਮਨ ਸਿੰਘ ਗਿੱਲ ਜੀ ਨੇ ਇਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ।  ੧੯੬੮ ਵਿਚ ਇਹਨਾਂ ਨੂੰ ਪੰਜਾਬ ਸਰਕਾਰ ਵਲੋਂ ਨਕਦ ਪੁਰਸਕਾਰ ਤੇ ਮਾਣ ਪੱਤਰ ਨਾਲ ਸਨਮਾਨਿਆ ਗਿਆ ।

ਇਹਨਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾ ਦੇ ਗੀਤ ਲਿਖੇ । ਰੰਗ ਮੰਚ ਤੇ ਇਹਨਾਂ ਦੇ ਨਾਟਕਾਂ ਨੇ ਨਾਟਕ ਕਲਾ ਨੂੰ ਇਕ ਨਵਾਂ ਮੋੜ ਦਿਤਾ, ਕਈ ਹਿੰਦੀ-ਪੰਜਾਬੀ ਨਾਟਕਾਂ ਦੇ ਗੋਲਡਨ ਜੁਬਲੀ ਸ਼ੋ ਹੋਏ ।

ਇਹਨਾਂ ਨੂੰ  ੧੯੭੯ ਵਿਚ “ਬੇਹਤਰੀਨ ਨਾਟਕਕਾਰ” ਲਈ ਸ਼ੋਭਨਾ ਐਵਾਰਡ,  ੧੯੮੦ ਵਿਚ ਭੋਮਿਕਾ ਐਵਾਰਡ,  ੧੯੮੧ ਵਿਚ ਘਈ ਐਵਾਰਡ,  ੧੯੮੨ ਵਿਚ “ਬੇਹਤਰੀਨ ਪੰਜਾਬੀ ਕਵੀ” ਲਈ ਪੀ.ਸੀ.ਐਸ. ਐਵਾਰਡ ਤੇ  ੧੯੮੩ ਵਿਚ “ਬੇਹਤਰੀਨ ਗੀਤ ਲੇਖਕ” ਲਈ ਕਲਾ ਸੰਗਮ ਐਵਾਰਡ ਨਾਲ ਸਨਾਮਨਤ ਕੀਤਾ ਗਿਆ ।

ਸ੍ਰੀ ਪ੍ਰਕਾਸ਼ ਸਾਥੀ ਬਹੁਤ ਹੀ ਪ੍ਰਸਿੱਧ ਤੇ ਲੋਕਪ੍ਰਿਯ ਕਵੀ ਤੇ ਨਾਟਕਕਾਰ ਸਨ, ਇਨ੍ਹਾਂ ਦੇ ਲਿਖੇ ਹੋਏ ਗੀਤ, ਗ਼ਜ਼ਲਾਂ, ਨਾਟਕ ਰੇਡੀਓ ਅਤੇ ਟੈਲੀਵੀਯਨ ਤੇ ਬਹੁਤ ਪ੍ਰਸਿੱਧ ਹੋਏ। (ਪਿਆਸੇ ਜਾਮ ਵਿੱਚੋਂ)

“ਪ੍ਰਕਾਸ਼ ਸਾਥੀ” ਪੰਜਾਬੀ ਦੇ ਮਹਾਨ ਕਵੀ ਹੋਏ ਹਨ, ਜਿਨਾਂ ਨੇ ਆਪਣੀ ਰਚਨਾ ਵਿੱਚ ਪ੍ਰੇਮੀ ਨੂੰ ਪ੍ਰੀਤਮ ਦੇ ਗਲ ਨਹੀਂ ਮਿਲਾਇਆ ਸਗੋਂ ਚਰਨੀ ਲਾਇਆ ਹੈ ।

    ਰੋ ਲੈਣ ਦੇ

ਚਿਰ ਤੋਂ ਵਿਛੜੇ ਹੋਏ ਅੱਜ ਮਿਲੇ ਹਾਂ ਸੱਜਣ,
ਰੂਪ  ਪਲਕਾਂ   ‘ਚ ਮੈਨੂੰ ਲੁਕੋ ਲੈਣ ਦੇ ।
ਹੋਰ ਕੁਝ ਵੀ ਨਹੀਂ ਤੈਥੋਂ ਮੰਗਦੇ ਅਸੀਂ,
ਕੋਲ ਅਪਣੇ ਜ਼ਰਾ ਬਹਿ ਕੇ ਰੋ ਲੈਣ ਦੇ ।

ਫਿਰ ਕਦੇ ਵੀ ਨਾ ਤੈਨੂੰ ਬੁਲਾਵਾਂਗਾ ਮੈਂ,
ਹੁਣ ਤੇ ਬਸ ਕੁਝ ਹੀ ਘੜੀਆਂ ਦੀ ਗੱਲ ਰਹਿ ਗਈ ।
ਵਾਸਤਾ ਈ ਘੜੀ ਕੁ ਜ਼ਰਾ ਠਹਿਰ ਜਾ,
ਮੌਤ ਨੂੰ ਬੂਹਾ ਪਲਕਾਂ ਦਾ ਢੋ ਲੈਣ ਦੇ ।

ਬਿਨ ਤੇਰੇ ਜ਼ਿੰਦਗੀ, ਜ਼ਿੰਦਗੀ ਤੇ ਨਹੀਂ,
ਜੀ ਰਹੇ ਹਾਂ ਕਿਸੇ ਲਾਸ਼ ਦੇ ਵਾਂਗਰਾਂ ।
ਮੇਰੇ ਦਿਲ ਵਿਚ ਹੀ ਰਹਿ ਜਾਏ ਨਾ ਆਰਜ਼ੂ,
ਮਰਨ ਤੋਂ ਪਹਿਲਾਂ ਕਦਮਾਂ ਨੂੰ ਛੋਹ ਲੈਣ ਦੇ

ਇਤਨਾ ਸੁੱਚਾ ਪ੍ਰੇਮ ਰਖਕੇ ਵੀ ਸਾਥੀ ਜੀ ਨੇ ਸ਼ਬਦਾਂ ਵਿੱਚ ਐਸਾ ਜਜਬਾ ਭਰਿਆ ਹੈ, ਕਿ ਪਾਠਕ ਦੇ ਮੂੰਹੋਂ ਧੱਕੇ ਨਾਲ ਅਪਣੇ ਆਪ ਵਾਹ ਨਿਕਲਦੀ ਹੈ ।

ਪ੍ਰਕਾਸ਼ ਸਾਥੀ ਜੀ ਦੀ ਪੁਸਤਕ ਪਿਆਸੇ ਜਾਮ ਵਿੱਚ ਹੰਝੂ/ ਅਥਰੂ, ਅਰਥੀ, ਮਹਿਬੂਬ ਦੇ ਕਦਮਾਂ ਦੀ ਛੋਹ ਅਤੇ ਲਾਸ਼ ਬਾਰੇ, ਬਹੁਤ ਸ਼ੇਅਰ ਹਨ । ਹਰ ਸ਼ੇਅਰ ਵਖਰੇ ਵਖਰੇ ਭਾਵ ਨੂੰ  ਵੱਖਰੇ ਅੰਦਾਜ ਵਿੱਚ ਪਰਗਟ ਕਰਦਾ ਹੈ। ਪ੍ਰਕਾਸ਼ ਸਾਥੀ ਜੀ ਨੇ ਬਹੁਤ ਪੁਸਤਕਾਂ ਹਿੰਦੀ ਅਤੇ ਪੰਜਾਬੀ ਵਿੱਚ ਕਵਿਤਾ ਅਤੇ ਨਾਟਕਾਂ ਦੀਆਂ ਲਿਖੀਆਂ ਹਨ, ਸਾਹਿਤ ਪ੍ਰੇਮੀਆਂ ਨੂੰ ਚਾਹੀਦਾ ਹੈ ਪ੍ਰਕਾਸ਼ ਸਾਥੀ ਜੀ ਦੀਆਂ ਸਾਰੀਆਂ ਪੁਸਤਕਾਂ ਪੜਨ ।

   ਪਿਆਸੇ ਜਾਮ-ਭਰੇ ਮੈਖ਼ਾਨੇ


ਪਿਆਸੇ ਜਾਮ ਦੀ ਭੂਮਿਕਾ ਵਿੱਚ ਪ੍ਰੀਤਮ ਸਿੰਘ “ਕਾਸਦ” ਲਿਖਦੇ ਹਨ:-

“ਪਿਆਸੇ ਦਿਲ, ਪਿਆਸੀ ਨਦੀ, ਪਿਆਸੇ ਜਾਮ, ਜੀਵਨ-ਬਗ਼ੀਚੀ ਦੀ ਸਭ ਤੋਂ ਹੁਸੀਨ ਤੇ ਰੰਗੀਨ ਰੁੱਤ-“ਜਵਾਨੀ”, ਜਿਸ ਨੂੰ ਵਾਰਸਸ਼ਾਹ ਨੇ ਕਮਲੀ-ਜਵਾਨੀ ਦਾ ਨਾਂ ਦਿਤਾ ਹੈ, ਦੀ ਖ਼ੂਬਸੂਰਤ  ਮਹਫ਼ਿਲ ਵਿਚ, ਦੋ ਪ੍ਰੇਮੀਆਂ ਦੇ ਵਿਛੋੜੇ ਵਿਚ ਤੜਪਦੇ, ਵਿਲਕਦੇ ਤੇ ਧੜਕਦੇ ਦਿਲਾਂ ਦੀ ਪਿਆਸ ਦੇ ਅਹਿਸਾਸ ਨੂੰ ਰੂਪਮਾਨ ਕਰਨ ਵਾਲੇ ਅਤੀ ਸੁੰਦਰ ਕਾਵਿ ਮਈ ਚਿੱਨ੍ਹ ਹਨ । ਮੁਹੱਬਤ ਦੀ ਰੰਗੀਨ ਵਾਦੀ ਵਿਚ ਪ੍ਰਵੇਸ਼ ਕਰਨ ਵਾਲੇ ਪ੍ਰੇਮੀਆਂ ਨੂੰ ਬ੍ਰਿਹਾ-ਅਗਨ-ਦਰਿਆ ਪਾਰ ਕਰਨਾ ਅਵਸ਼ਕ ਹੈ । ਤਾਂ ਹੀ ਉਹ ਵਸੱਲ ਦੀਆਂ ਹੁਸੀਨ ਰਾਤਾਂ ਦਾ ਸਦੀਵੀ ਅਨੰਦ ਮਾਣ ਸਕਦੇ ਹਨ । ਸ਼ੇਖ਼ ਬਾਬਾ ਫਰੀਦ ਜੀ ਨੇ ਤਾਂ ਬ੍ਰਿਹਾ ਨੂੰ ਸੁਲਤਾਨ ਦੀ ਪਦਵੀ ਪ੍ਰਦਾਨ ਕੀਤੀ ਹੈ। ਊਨ੍ਹਾਂ ਦਾ ਫਰਮਾਨ  ਹੈ ਕਿ “ਜਿਸ ਤਨ ਵਿਚ ਬ੍ਰਿਹਾ ਦੀ ਜੋਤੀ ਨਹੀਂ ਜਲਦੀ ਉਹ ਤਨ ਮਰਘਟ ਸਮਾਨ ਹੈ”।

ਬ੍ਰਿਹਾ ਦੀਆਂ ਰਾਤਾਂ, ਹਿੱਜਰ ਦੀਆਂ ਘੜੀਆਂ, ਬ੍ਰਿਹਨ ਦੀਆਂ ਚੀਸਾਂ, ਪੀੜਾਂ ਨਾਲ ਵਿੰਨ੍ਹੀਆਂ ਯਾਦਾਂ, ਜੁਦਾਈ ਦੇ ਤੀਰਾਂ ਨਾਲ ਸਲਿਆ ਕਲੇਜਾ, ਗ਼ਮ ਦੀ ਬਰਸਾਤ ਨਾਲ ਭਿੱਜੀਆਂ ਅੱਖਾਂ, ਤੇ ਅਖੀਆਂ ਦੀਆਂ ਪਲਕਾਂ ਦੀ ਸੂਲੀ ਤੇ ਲਟਕਦੇ ਅਣ ਵਿਨ੍ਹੇ ਮੋਤੀ, ਸੁਲਗਦੇ ਹਉਕੇ, ਵਿਲਕਦੇ ਹੰਝੂ, ਤਰਲੇ ਹਾਵੇ, ਹਾੜੇ ਤੇ ਸ਼ਿਕਵੇ, ਮੁਹੱਬਤ ਦਾ ਸੱਚਾ ਸੁੱਚਾ ਵਣਜ ਕਰਨ ਵਾਲੇ ਪ੍ਰੇਮੀਆਂ ਦੀ ਪਿਆਰ-ਮਈ ਜ਼ਿੰਦਗੀ ਦਾ ਅਨਮੋਲ ਵਿਰਸਾ ਹਨ । ਇਕ ਵਰਦਾਨ ਹਨ । ਮੁਹੱਬਤ ਦੀ ਦੇਵੀ ਦੀ ਆਰਤੀ ਕਰਨ ਵਾਲੇ ਪੁਜਾਰੀਆਂ ਲਈ ਆਰਤੀ ਦੇ ਉਹ ਫੁਲ ਹਨ, ਜਿਨ੍ਹਾਂ ਨੂੰ ਕਦੇ ਵਸਲ ਦੇ ਅਮਰ- ਫਲ ਲਗਦੇ ਹਨ ।

ਪ੍ਰਕਾਸ਼ ਸਾਥੀ, ਪੰਜਾਬੀ ਦੇ ਊਨ੍ਹਾਂ ਚੰਦ ਸ਼ਰੋਮਣੀ ਕਵੀਆਂ ਵਿਚੋਂ ਹੈ, ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿਚ ਲੋਕ ਅਤੀ ਪਿਆਰ ਤੇ ਸਤਕਾਰ ਨਾਲ ਸਟੇਜਾਂ ਤੇ ਸੁਣਦੇ ਹਨ । ਅਤਿ  ਪਿਆਰੀ, ਮਿੱਠੀ ਤੇ ਨਿੱਘੀ ਪ੍ਰਭਾਵਸ਼ਾਲੀ ਸ਼ਖਸੀਅਤ ਹੋਣ ਦੇ ਨਾਲ ਨਾਲ, ਸਾਥੀ ਜੀ ਨੂੰ ਕੁਦਰਤ ਵਲੋਂ ਐਸਾ ਪੁਰਸੋਜ਼ ਸੁਰੀਲਾ ਗਲਾ ਮਿਲਿਆ ਹੈ ਕਿ ਜਦੋਂ ਉਹ ਤਰਨੱਮ ਵਿਚ ਸਟੇਜ ਤੇ ਗ਼ਜ਼ਲ ਕਹਿੰਦੇ ਹਨ ਤਾਂ ਸਾਰਾ ਵਾਤਾਵਰਣ ਹੀ ਸੰਗੀਤ ਮਈ ਹੋ ਜਾਂਦਾ ਹੈ। ਸਰੋਤੇ ਮਸਤੀ ਵਿਚ ਝੂਮ ਝੂਮ ਕੇ ਉਨ੍ਹਾਂ ਨੂੰ ਰਜਵੀਂ-ਦਾਦ ਦੇਂਦੇ ਹਨ ।

ਵਸਲ-ਵਿਛੋੜੇ ਦੀ ਹੁਸੀਨ ਤੇ ਗ਼ਮਗੀਨ ਰਾਤ ਵਿਚ ਸ਼ਾਇਰ ਦੀ ਕਲਮ ਦਾ ਕਮਾਲ ਵਰਣਨ ਯੋਗ ਹੈ । ਕਵੀ ਕਿਤਨੀ ਖੂਬਸੂਰਤੀ ਨਾਲ ਮਿਲਣ ਤੇ ਜੁਦਾਈ ਦੇ ਦ੍ਰਿਸ਼ ਨੂੰ ਰੂਪਮਾਨ ਕਰਦਾ ਹੈ:-

“ਕਿੰਨੀ ਖੂਸ਼ੀ ਸੀ ਤੇਰੇ ਮਿਲਣ ਦੀ, ਕਿੰਨੀ ਉਦਾਸੀ ਹੈ ਜਾਣ ਲੱਗਿਆਂ,
ਮੇਰਾ ਤੇ ਦਿਲ ਸੀ ਕੱਖਾਂ ‘ਤੋਂ ਹੌਲਾ, ਤੁਸੀਂ ਵੀ ਰੋ ਪਏ ਹਸਾਣ ਲੱਗਿਆਂ” ।

ਇਕ ਵਿਸ਼ੇਸ਼ ਗੱਲ, ਜੋ ਸਾਥੀ ਜੀ ਦੀਆਂ ਇਨ੍ਹਾਂ ਗ਼ਜ਼ਲਾਂ ਵਿਚ ਉਭਰ ਕੇ ਸਾਮ੍ਹਣੇ ਆਈ ਹੈ, ਉਹ ਇਹ ਕਿ ਉਸ ਦੀਆਂ ਤਕਰੀਬਨ ਸਾਰੀਆਂ ਗ਼ਜ਼ਲਾਂ, ਵਿਛੋੜੇ ਦੇ ਹੰਝੂਆਂ ਨਾਲ ਭਿਜੀਆਂ ਹੋਈਆਂ ਹਨ। ਉਸ ਦੇ ਸ਼ੇਅਰਾਂ ਦੀਆਂ ਅੱਖੀਆਂ ਵਿਚਲੇ ਹੰਝੂ ਕੋਸੇ ਵੀ ਹਨ ਤੇ ਸ਼ੋਹਲੇ ਵੀ ਹਨ । ਬਿਲਾਸ਼ਕ ਉਸ ਨੇ ਹੰਝੂਆਂ ਦਾ ਪ੍ਰਯੋਗ ਆਪਣੀ ਹਰ ਗ਼ਜ਼ਲ ਵਿਚ ਕੀਤਾ ਹੈ ਪਰ ਹਰ ਵਾਰ ਨਵੀਂ ਪਰਵਾਜ਼ ਤੇ ਅੰਦਾਜ਼ ਨਾਲ । ਇਹ ਕਵੀ ਦੇ ਅਨੁਭਵ, ਕਲਪਨਾ, ਸ਼ਾਇਰਾਨਾ ਸੂਝ ਤੇ ਨੀਝ ਦਾ ਕਮਾਲ ਹੈ ।

ਪ੍ਰਕਾਸ਼ ਸਾਥੀ ਦੀਆਂ ਗ਼ਜ਼ਲਾਂ ਦੀ ਜ਼ਬਾਨ ਬਹੁਤ ਹੀ ਸਾਦਾ ਢੁਕਵੀਂ ’ਤੇ ਖ਼ਿਆਲ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਵਿਚ ਸਮਰਥ ਹੈ । ਸ਼ੇਅਰ ਸੁਰ-ਬਧ, ਸਰਲ, ਸਪਸ਼ਟ ਤੇ ਜ਼ਜ਼ਬਾਤ ਭਰਪੂਰ ਹਨ । ਕਈ ਨਵੇਂ ਖਿਆਲਾਂ ਨਵੀਆਂ ਤਸ਼ਬੀਹਾਂ, ਨਵੇਂ ਅਲੰਕਾਰਾਂ, ਬਿੰਬਾ ਨਾਲ ਸ਼ਿੰਗਾਰਿਆਂ ਹੋਈਆਂ ਗ਼ਜ਼ਲਾਂ ਦਾ ਇਹ ਗੁਲਦਸਤਾ, ਪ੍ਰਕਾਸ਼ ਸਾਥੀ ਦੀ ਪੰਜਾਬੀ ਗ਼ਜ਼ਲ ਸਾਹਿਤ ਨੂੰ ਇਕ ਬਹੁਤ ਵਡਮੁਲੀ ਦੇਣ ਹੈ । ਉਸ ਨੇ ਆਪਣੇ ਦਿਲ ਦੇ ਜ਼ਖ਼ਮਾਂ ਨੂੰ ਚੋ ਚੋ ਕੇ ਇਨ੍ਹਾਂ ਸ਼ੇਅਰਾਂ ਰੂਪੀ ਦੀਵਿਆਂ ਨੂੰ ਰੋਸ਼ਨ ਕੀਤਾ ਹੈ । ਹਿਜਰ ਦੀ ਜੋਤ ਜਗਾਉਣ ਵਾਲਾ ਸਾਥੀ ਅਗਲੇ ਜਨਮ ਤਕ ਵੀ ਵਸਲ ਦੀ ਆਸ ਰਖਦਾ ਹੈ । ਭਾਵੇ ਉਹ ਜੁਦਾਈ ਦੀਆਂ ਪੀੜਾਂ ਨਾਲ ਪੀੜਤ ਹੈ, ਪਰ ਉਸ ਦੀ ਬਲਵਾਨ ਆਤਮਾ ਬ੍ਰਿਹੋਂ ਦੀ ਭੱਠੀ ਵਿਚ ਜਲ ਜਲ ਕੇ ਕੁੰਦਨ ਬਣ ਚੁਕੀ ਜਾਪਦੀ ਹੈ। ਇਹੋ ਜਿਹੀ ਬਲਵਾਨ ਆਤਮਾ ਹੀ ਚੰਗੇ ਗੀਤਾਂ, ਚੰਗੀਆਂ ਗ਼ਜ਼ਲਾਂ ਚੰਗੀਆਂ ਕਵਿਤਾਵਾਂ ਦੀ ਸਿਰਜਣਾ ਕਰ ਸਕਦੀ ਹੈ”।

2 comments: