Featured Post

ਸੱਚ ਕੀ ਹੈ?

ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ। ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁ...

Monday, May 11, 2020

ਰਸਾਂ ਭਰੀ ਬਾਣੀ ਗੁਰੂ ਨਾਨਕ ਦੀਸਤਿਗੁਰੂ ਨਾਨਕ-ਬਾਣੀ ਵਿਚ ਆਏ ਕਾਵਿ ਰਸਾਂ ਦੀ ਵਿਆਖਿਆ
  ਠਾਕੁਰ ਦਲੀਪ ਸਿੰਘ                              
                               
ਰਸ ਭਰੇ ਵਾਕਾਂ ਤੋਂ ਹੀ ਕਵਿਤਾ ਬਣਦੀ ਹੈ ਇਸ ਕਰਕੇ ਰਸ-ਭਰਪੂਰ ਕਵਿਤਾ ਕਈ ਪ੍ਰਕਾਰ ਦੇ ਰਸਾਂ ਨਾਲ ਭਰੀ ਹੁੰਦੀ ਹੈ ਭਾਰਤ ਵਿਚ, ਭਾਰਤੀ ਭਾਸ਼ਾਵਾਂ ਵਿਚ (ਉਰਦੂ ਗਜ਼ਲ ਤੋਂ ਪਹਿਲਾਂ) ਅਤਿ ਉਚ ਕੋਟੀ ਦੀ ਕਵਿਤਾ ਲਿੱਖੀ ਗਈ ਹੈ ਅਤੇ ਉਤਮ ਸਾਹਿਤ ਦੀ ਰਚਨਾ ਹੋਈ ਹੈ ਜਿਸ ਬਾਰੇ ਅੱਜ ਅਸੀਂ ਭਾਰਤ ਵਾਸੀ ਹੀ ਭੁੱਲ ਗਏ ਹਾਂ, ਬਾਕੀਆਂ ਨੂੰ ਕੀ ਆਖਣਾ ਕਿਉਂਕਿ ਸਾਡੇ ਭਾਰਤੀਆਂ ਵਿਚ ਆਤਮ ਸਨਮਾਨ ਨਹੀਂ ਹੈ ਅਸਾਨੂੰ ਇੰਗਲੈਂਡ ਦੇ ਨਿਵਾਸੀ ਸ਼ੈਕਸਪੀਅਰ ਦਾ ਨਾਮ ਅਤੇ ਉਸ ਦੇ ਨਾਟਕ ਯਾਦ ਹਨ ਪਰ, ਭਾਰਤ ਵਾਸੀ ਕਾਲੀਦਾਸ ਦਾ ਨਾਮ ਅਤੇ ਉਸ ਦੇ ਨਾਟਕਾਂ ਬਾਰੇ ਪਤਾ ਹੀ ਨਹੀਂ ਕਿਉਂਕਿ ਅਸੀਂ ਅੱਜ ਵੀ ਇੰਗਲੈਂਡ ਦੇ ਗੁਲਾਮ ਹਾਂ
ਸਭ ਤੋਂ ਪਹਿਲੋਂ ਭਰਤ ਮੁਨੀ ਨੇ ਰਸ ਵਿਆਖਿਆ ਕੀਤੀ ਸੀ ਭਰਤ ਮੁਨੀ ਦੀ ਰਸ ਵਿਆਖਿਆ ਨੂੰ ਆਧਾਰ ਮੰਨ ਕੇ ਹੀ ਅਗੋਂ ਹੋਰ ਵਿਦਵਾਨਾਂ ਨੇ ਵਿਆਖਿਆ ਕੀਤੀ ਹੈ ਕਈ ਵਿਦਵਾਨ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ ਛੰਦ, ਅਲੰਕਾਰ ਅਤੇ ਰਸ; ਭਾਰਤੀ-ਕਾਵਿ ਦੇ ਜ਼ਰੂਰੀ ਅੰਗ ਹਨ ਕਵਿਤਾ ਪੜ੍ਹ ਕੇ, ਜਾਂ ਸੁਣ ਕੇ ਅਤੇ ਵਕਤਾ ਦੇ ਹਾਵ ਭਾਵ ਵੇਖ ਕੇ, ਜੋ ਅਨੰਦ ਆਵੇ, ਉਹ ਹੀ ਕਵਿਤਾ ਦਾ ਰਸ ਹੈ ਰਸ ਹੀ ਕਵਿਤਾ ਦਾ ਅਸਲੀ ਤੱਤ ਹੁੰਦਾ ਹੈ ਕਈ ਰਸ ਲੰਬਾ ਸਮਾਂ ਰਹਿੰਦੇ ਹਨ ਪਰ, ਕਈ ਥੋੜਾ ਚਿਰ ਹੀ ਰਹਿੰਦੇ ਹਨ ਜਿਵੇਂ: ਕ੍ਰੋਧ, ਸੋਗ, ਗਿਲਾਨੀ ਆਦਿ ਲੰਬਾ ਸਮਾਂ ਨਹੀਂ ਰਹਿੰਦੇ
"ਨਾਨਕ ਸਾਇਰ ਏਵ ਕਹਿਤ ਹੈ" ਨਾਨਕ ਸ਼ਾਇਰ ਨੇ, ਨਾਨਕ ਬਾਣੀ ਵਿਚ ਸਾਰੇ ਹੀ ਰਸ ਲਿਖ ਕੇ, ਇਸ ਬਾਣੀ ਨੂੰ ਰਸ ਭਿੰਨੀ ਬਣਾ ਦਿਤਾ ਹੈ ਜੇ ਇਹਨਾਂ ਰਸਾਂ ਦਾ ਅਸਾਨੂੰ ਗਿਆਨ ਹੋ ਜਾਵੇ ਤਾਂ ਰਸ ਭਰੀ ਗੁਰੂ ਨਾਨਕ ਬਾਣੀ ਦਾ ਰਸ, ਅਸਾਨੂੰ ਵੀ ਰਸ ਭਰਪੂਰ ਕਰ ਦੇਵੇਗਾ ਆਓ, ਆਪਾਂ ਵੀ ਕਵਿਤਾ ਦੇ ਰਸਾਂ ਬਾਰੇ ਗਿਆਨ ਪ੍ਰਾਪਤ ਕਰਕੇ ਰਸ-ਭਰੀ ਬਾਣੀ ਵਿਚਲੇ ਰਸਾਂ ਦਾ, ਰਸ ਲੈਣਾ ਸ਼ੁਰੂ ਕਰੀਏ
ਸੰਗੀਤ ਅਤੇ ਕਾਵਿ ਸ਼ਾਸਤ੍ਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਗੁਰਬਾਣੀ ਸਹੀ ਰੂਪ ਵਿਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ ਸੰਗੀਤ ਦੀ ਇਹ ਵਿਸ਼ੇਸਤਾ ਹੈ ਕਿ ਸੰਗੀਤ ਭਗਤੀ ਭਾਵ ਨੂੰ ਪ੍ਰਚੰਡ ਕਰਦਾ ਹੈ ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿਚ ਹੋਣ ਕਰਕੇ; ਰਾਗਾਂ ਵਿਚ ਗਾਉਣ ਵਾਸਤੇ, ਰਾਗਾਂ ਵਿਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿਚ ਸੰਗੀਤ ਅਧਾਰਿਤ ਹੈ
ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਇਕ ਸ਼ਾਇਰ ਭਾਵ ਕਵੀ ਮੰਨਿਆ ਹੈ ਕਵੀ ਰੂਪ ਵਿਚ ਗੁਰੂ ਜੀ ਨੇ ਕਵਿਤਾ ਰਚੀ ਹੈ ਜਿਸ ਵਿਚੋਂ ੯੪੭/947  ਸਲੋਕ/ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ ਇਹ ਅਤੀ ਮਨੋਹਰ ਕਵਿਤਾ ਰੂਪੀ ਬਾਣੀ, ਛੰਦ-ਬੱਧ, ਕਾਵਿ ਰਸਾਂ ਨਾਲ ਭਰਪੂਰ ਹੈ ਅਤੇ ਸੰਗੀਤਮਈ ਹੈ ਇਸ ਮਨੋਹਰ ਬਾਣੀ ਦਾ ਰਸ ਅਸਵਾਦਨ ਕਰਨ ਲਈ ਹਰੇਕ "ਗੁਰੂ ਨਾਨਕ ਨਾਮ ਲੇਵਾ" ਨੂੰ ਸੰਗੀਤ ਅਤੇ ਕਾਵਿ ਸ਼ਾਸਤ੍ਰ ਦੀ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ
ਹੈਰਾਨੀ ਅਤੇ ਦੁੱਖ ਦੀ ਗਲ ਹੈ ਕਿ ਸਿੱਖ ਪੰਥ ਨੂੰ ਗੁਰਬਾਣੀ ਵਿਚ ਆਏ ਕਾਵਿ ਰਸਾਂ ਬਾਰੇ ਗਿਆਨ ਨਹੀਂ ਹੈ ਅਤੇ ਕਦੀ ਇਸ ਪਾਸੇ ਸਿੱਖਾਂ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ ਸਦਾ ਹੀ ਹਿੰਦੂਆਂ ਦਾ ਵਿਰੋਧ, ਸਾਰੀਆਂ ਸਿੱਖ ਸੰਪ੍ਰਦਾਵਾਂ ਦਾ ਵਿਰੋਧ ਅਤੇ ਆਪਸ ਵਿਚ ਲੜਣ ਉਤੇ ਸਾਰੀ ਸ਼ਕਤੀ ਅਤੇ ਸਮਾਂ ਲਾ ਦਿਤਾ  ਕੀਰਤਨ ਪ੍ਰਥਾ ਪ੍ਰਚਲਿਤ ਹੋਣ ਕਰਕੇ ੩੧/31 ਰਾਗਾਂ ਬਾਰੇ ਤਾਂ ਕੁਛ ਖੋਜ ਹੋਈ ਹੈ, ਕੁਛ ਕੁ ਸਿੱਖਾਂ ਨੂੰ ਸੁਰ ਗਿਆਨ ਵੀ ਹੈ ਪ੍ਰੰਤੂ, ਕਾਵਿ ਸ਼ਾਸਤ੍ਰ ਵਿਚ ਆਏ ਰਸਾਂ ਬਾਰੇ ਸਿੱਖ ਬਿਲਕੁਲ ਅਭਿੱਗ ਹਨ ਗੁਰਬਾਣੀ ਵਿਚਲੇ ਕਾਵਿ ਰਸਾਂ ਬਾਰੇ ਸਿੱਖ ਵਿਦਵਾਨਾਂ ਨੂੰ ਖੋਜ ਕਰਕੇ ਲਿਖਣ ਦੀ ਲੋੜ ਹੈ ਜਗਤ ਗੁਰੂ ਜੀ ਦੀ, ਸਰਵਪ੍ਰਿਯ ਬਾਣੀ "ਜਪੁ ਜੀ" ਵਿਚ ਹੀ ਕਈ ਪ੍ਰਕਾਰ ਦੇ ਛੰਦ ਅਤੇ ਕਾਵਿ ਰਸ ਹਨ ਪਰ, ਸਿੱਖ ਵਿਦਵਾਨਾਂ ਨੇ ਕਦੀ ਇਸ ਪਾਸੇ ਧਿਆਨ ਹੀ ਨਹੀਂ ਕੀਤਾ ਭਾਵੇਂ, "ਜਪੁ ਜੀ" ਦੇ ਕਈ ਸੌ ਟੀਕੇ, ਤਰਜਮੇਂ ਕਈ ਭਾਸ਼ਾਵਾਂ ਵਿਚ ਹੋ ਚੁਕੇ ਹਨ, ਪਰ ਜਪੁ ਜੀ ਦੇ ਛੰਦਾਂ ਬਾਰੇ ਅਤੇ ਕਾਵਿ ਰਸਾਂ ਬਾਰੇ ਕਦੀ ਕਿਸੇ ਨੇ ਕੋਈ ਵਿਆਖਿਆ ਨਹੀਂ ਕੀਤੀ ਸੋਚਣ ਵਾਲੀ ਗੱਲ ਹੈ, ਸਭ ਤੋਂ ਵੱਧ ਪੜ੍ਹੀ ਜਾਂਦੀ ਬਾਣੀ ਜਪੁ ਜੀ ਅਤੇ ਗਾਈ ਸੁਣੀ ਜਾਂਦੀ ਆਸਾ ਦੀ ਵਾਰ ਵਿਚਲੇ ਕਾਵਿ ਰਸਾਂ ਬਾਰੇ ਹੀ ਜੇ ਸਿੱਖਾਂ ਨੂੰ ਜਾਣਕਾਰੀ ਨਹੀਂ ਤਾਂ ਹੋਰ ਕਿਸ ਬਾਣੀ ਬਾਰੇ ਹੋਵੇਗੀ?
ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਕਾਵਿ ਪੱਖ ਉਜਾਗਰ ਕਰਨ ਲਈ, ਉਨ੍ਹਾਂ ਦੀ ਬਾਣੀ ਵਿਚੋਂ ਰਸਾਂ ਬਾਰੇ ਅਤੀ ਸੰਖੇਪ ਜਾਣਕਾਰੀ ਆਪ ਜੀ ਨੂੰ ਭੇਟ ਹੈ ਪ੍ਰੇਮੀ ਪਾਠਕ ਨੂੰ ਕਾਵਿ ਸ਼ਾਸਤ੍ਰ ਦਾ ਗਿਆਨ ਪ੍ਰਾਪਤ ਕਰਕੇ; ਅਰਥ ਸਮਝ ਕੇ, ਰਸ ਦਾ ਨਾਮ ਆਪ ਹੀ ਜਾਨਣ ਦੀ ਲੋੜ ਹੈ ਕਾਵਿ ਰਸਾਂ ਨੂੰ ਸਮਝ ਕੇ ਹੀ ਅਸੀਂ ਗੁਰਬਾਣੀ ਵਿਚਲੇ ਰਸਾਂ ਦਾ ਰਸ ਮਾਣ ਸਕਾਂਗੇ
ਕਾਵਿ ਸ਼ਾਸਤ੍ਰ ਵਿਚ ਕਵਿਤਾ ਦੇ ਨੌ ਰਸ ਮੰਨੇ ਗਏ ਹਨ ਜਿਨਾਂ ਦੇ ਨਾਮ ਇਹ ਹਨ (ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਬੀਭਤਸ ਰਸ, ਅਦਭੁਦ ਰਸ, ਸ਼ਾਂਤ ਰਸ)  ਪਰ, ਭਗਤੀ ਮਾਰਗ ਦੇ ਕੁਛ ਵਿਦਵਾਨਾਂ ਨੇ ਕੇਵਲ ਪੰਜ ਰਸ ਮੰਨੇ ਹਨ, ਜਿਨ੍ਹਾਂ ਵਿਚੋਂ ਦੋ ਰਸ "ਸ਼ਾਂਤ" ਅਤੇ "ਸ਼ਿੰਗਾਰ" ਤਾਂ ਪਹਿਲੇ ਨੌਵਾਂ ਵਿਚ ਹੀ ਜਾਂਦੇ ਹਨ ਬਾਕੀ ਤਿੰਨ ਇਹ ਹਨ; ਦਾਸ ਰਸ, ਵਾਤਸਲਯ ਰਸ ਅਤੇ ਸਖਾ ਰਸ ਇਸ ਤਰਾਂ ਸਾਰੇ ਮਿਲ ਕੇ ਕਾਵਿ ਰਸਾਂ ਦੀ ਗਿਣਤੀ ੧੨/12 ਹੋ ਜਾਂਦੀ ਹੈ ਕਈ ਵਿਦਵਾਨਾਂ ਨੇ ਭਗਤੀ ਨੂੰ ਵਖਰਾ ਰਸ ਮੰਨਿਆ ਹੈ ਜੇ ਭਗਤੀ ਨੂੰ ਵੀ ਰਸ ਮੰਨ ਲਈਏ ਤਾਂ ਗਿਣਤੀ ੧੩/13 ਹੋ ਜਾਂਦੀ ਹੈ ਵਿਦਵਾਨਾਂ ਨੇ ਸਾਰੇ ਰਸਾਂ ਦਾ ਰਾਜਾ 'ਸ਼ਿੰਗਾਰ ਰਸ' ਨੂੰ ਮੰਨਿਆ ਹੈ
ਕਾਵਿ ਰਸਾਂ ਦੇ ਉਦਾਹਰਣ:-

1. ਸ਼ਿੰਗਾਰ ਰਸ: ਕਾਮਯੁਕਤ (ਇਸ਼ਕ ਮਜਾਜ਼ੀ) ਪ੍ਰੇਮ ਭਾਵ ਜੋ ਨਰ ਅਤੇ ਮਾਦਾ ਦੇ ਸ਼ਿੰਗਾਰ ਕਰਨ, ਸ਼ਿੰਗਾਰ ਨੂੰ ਵੇਖਣ ਤੇ ਸੁਨਣ ਕਾਰਨ ਉਤਪੰਨ ਹੋਵੇ ਇਸ ਨੂੰ 'ਸ਼ਿੰਗਾਰ ਰਸ' ਕਹਿੰਦੇ ਹਨ ਇਸ ਦਾ ਸਥਾਈ ਭਾਵ ਕਾਮ ਇੱਛਾ ਹੈ
ਨੈਨ ਸਲੋਨੀ ਸੁੰਦਰ ਨਾਰੀ  ਖੋੜ ਸੀਗਾਰ ਕਰੈ ਅਤਿ ਪਿਆਰੀ……  ਦਰ ਘਰ ਮਹਲਾ ਸੇਜ ਸੁਖਾਲੀ  ਅਹਿਨਿਸਿ ਫੂਲ ਬਿਛਾਵੈ ਮਾਲੀ (ਰਾਗ ਗਉੜੀ, ਪੰਨਾ ੨੨੫/225)

2. ਹਾਸ ਰਸ: ਕਿਸੇ ਕਾਰਨ ਕਰਕੇ ਪ੍ਰਸੰਨਤਾ ਪੂਰਵਕ ਹਾਸਾ ਆਉਣਾ ਇਸ ਨੂੰ "ਹਾਸ ਰਸ" ਕਹਿੰਦੇ ਹਨ ਇਸ ਦਾ ਸਥਾਈ ਭਾਵ ਹਾਸੀ ਹੈ
ਵਾਇਨਿ ਚੇਲੇ ਨਚਨਿ ਗੁਰ ਪੈਰ ਹਲਾਇਨ੍ਹਿ ਫੇਰਨ੍ਹਿ ਸਿਰ ਉਡਿ ਉਡਿ ਰਾਵਾ ਝਾਟੈ ਪਾਇ ਵੇਖੈ ਲੋਕੁ ਹਸੈ ਘਰਿ ਜਾਇ (ਰਾਗ ਆਸਾ, ਪੰਨਾ ੪੬੫/465)

3. ਕਰੁਣਾ ਰਸ: ਆਪਣੀ ਇੱਛਾ ਦੇ ਵਿਰੁੱਧ ਕੋਈ ਘਟਨਾ ਹੋਣ ਕਾਰਨ ਜੋ ਦੁੱਖਦਾਈ ਅਵਸਥਾ ਬਣਦੀ ਹੈ ਜਾਂ, ਕਿਸੇ ਨੁੰ ਦਯਨੀਯ ਅਵਸਥਾ ਵਿਚ ਵੇਖ ਕੇ, ਸੁਣ ਕੇ ਜੋ ਦੁੱਖਦਾਈ ਅਵਸਥਾ ਮਨ ਦੀ ਬਣਦੀ ਹੈ, ਉਸ ਨੂੰ "ਕਰੁਣਾ ਰਸ" ਕਹਿੰਦੇ ਹਨ ਇਸ ਦਾ ਸਥਾਈ ਭਾਵ ਸੋਗ ਹੈ
ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰ ਸੇ ਸਿਰ ਕਾਤੀ ਮੁੰਨੀਅਨ੍ਹਿ ਗਲ ਵਿਚਿ ਆਵੈ ਧੂੜਿ ਮਹਲਾ ਅੰਦਰਿ ਹੋਦੀਆ ਹੁਣਿ ਬਹਿਣ ਮਿਲਨ੍ਹਿ ਹਦੂਰਿ (ਰਾਗ ਆਸਾ, ਪੰਨਾ ੪੧੭/417)

4. ਰੌਦਰ ਰਸ: ਕਿਸੇ ਦੁਆਰਾ ਮਨ ਜਾਂ ਤਨ ਨੂੰ ਕਿਸੇ ਵੀ ਪ੍ਰਕਾਰ ਦੀ ਠੇਸ ਪੁਹੰਚਣ ਕਾਰਨ ਜੋ ਬਦਲੇ ਦੀ ਭਾਵਨਾ ਉਪਜੇ, ਉਸਨੂੰ 'ਰੌਦਰ ਰਸ' ਕਹਿੰਦੇ ਹਨ ਇਸਦਾ ਸਥਾਈ ਭਾਵ ਕ੍ਰੋਧ ਹੈ
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ (ਰਾਗ ਆਸਾ, ਪੰਨਾ ੪੧੮/418)

5. ਵੀਰ ਰਸ: ਕਿਸੇ ਵਿਸ਼ੇਸ ਕਾਰਨ ਕਰਕੇ, ਕਿਸੇ ਕਾਰਜ ਨੂੰ ਖੁਸ਼ੀ ਅਤੇ ਚਾ ਨਾਲ ਕਰਨ ਦੀ ਤੀਵਰ ਇੱਛਾ  ਨੂੰ 'ਵੀਰ ਰਸ' ਕਿਹਾ ਜਾਂਦਾ ਹੈ ਇਸ ਦਾ ਸਥਾਈ ਭਾਵ ਉਤਸ਼ਾਹ ਹੈ
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ (ਰਾਗ ਆਸਾ, ਪੰਨਾ ੪੬੭/467)

6. ਭਿਆਨਕ ਰਸ: ਕਿਸੇ ਡਰਾਉਣੇ ਦ੍ਰਿਸ਼, ਘਟਨਾ ਜਾਂ ਪ੍ਰਾਣੀ ਨੂੰ ਦੇਖ ਕੇ ਅਤੇ ਉਸ ਬਾਰੇ ਪੜ੍ਹ ਕੇ, ਸੁਣ ਕੇ, ਜੋ ਡਰ ਦਾ ਭਾਵ ਮਨ ਵਿੱਚ ਆਵੇ, ਉਸਨੂੰ 'ਭਿਆਨਕ ਰਸ' ਕਿਹਾ ਜਾਂਦਾ ਹੈ ਇਸਦਾ ਸਥਾਈ ਭਾਵ ਡਰ ਹੈ
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਦਾਨੀ (ਰਾਗ ਤਿਲੰਗ, ਪੰਨਾ ੭੨੧/721)

7. ਬੀਭਤਸ ਰਸ: ਕਿਸੇ ਘ੍ਰਿਣਤ ਵਸਤੂ ਜਾਂ ਘਟਨਾ ਨੂੰ ਵੇਖ ਕੇ ਜਾਂ ਉਸ ਬਾਰੇ ਸੁਣ ਕੇ, ਪੜ੍ਹ ਕੇ, ਜੋ ਘਿਰਣਾ ਦਾ ਭਾਵ ਉਪਜੇ, ਉਸਨੂੰ 'ਬੀਭਤਸ ਰਸ' ਕਿਹਾ ਜਾਂਦਾ ਹੈ ਇਸਦਾ ਸਥਾਈ ਭਾਵ ਘਿਰਣਾ ਹੈ
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਕਾਈ (ਰਾਗ ਆਸਾ, ਪੰਨਾ ੩੬੦/360)

8. ਅਦਭੁਤ ਰਸ: ਕਿਸੇ ਅਲੌਕਿਕ ਦ੍ਰਿਸ਼ ਨੂੰ ਵੇਖ ਕੇ ਜਾਂ ਪੜ੍ਹ-ਸੁਣ ਕੇ ਹੈਰਾਨੀ ਦਾ ਜੋ ਭਾਵ ਮਨ ਵਿੱਚ ਉਪਜੇ, ਉਸ ਭਾਵ ਨੂੰ 'ਅਦਭੁਤ ਰਸ' ਕਹਿੰਦੇ ਹਨ ਇਸਦਾ ਸਥਾਈ ਭਾਵ ਹੈਰਾਨੀ ਹੈ
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ (ਜਪੁ ਜੀ, ਪੰਨਾ /1)

9. ਸ਼ਾਂਤ ਰਸ: ਵਿਚਾਰਨ ਸਦਕਾ; ਇਸ ਨਾਸ਼ਵਾਨ ਸੰਸਾਰ ਤੋਂ ਹੋਈ ਉਪਰਾਮਤਾ ਤੋਂ ਉਪਰੰਤ, ਜੋ ਵਿਰਕਤ ਬਿਰਤੀ ਬਣਦੀ ਹੈ, ਉਸਨੂੰ 'ਸ਼ਾਂਤ ਰਸ' ਕਹਿੰਦੇ ਹਨ ਇਸਦਾ ਸਥਾਈ ਭਾਵ ਵੈਰਾਗ ਹੈ
ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ (ਰਾਗ ਗਉੜੀ, ਪੰਨਾ ੫੦੩/503)

10. ਵਾਤਸਲਯ ਰਸ: ਪ੍ਰਭੂ ਵਲੋਂ ਆਪਣੇ ਭਗਤਾਂ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪਿਆਰ ਕਰਨ ਦੇ ਭਾਵ ਨੂੰ, ਭਗਤਾਂ ਦੀ ਰੱਖਿਆ ਕਰਨ ਦੇ ਭਾਵ ਨੂੰ, 'ਵਾਤਸਲਯ ਰਸ' ਕਹਿੰਦੇ ਹਨ ਇਸ ਦਾ ਸਥਾਈ ਭਾਵ ਕਰਤਵ ਅਧੀਨ ਪ੍ਰੇਮ ਹੈ
ਭਗਤਿ ਵਛਲੁ ਭਗਤਾ ਹਰਿ ਸੰਗਿ ਨਾਨਕ ਮੁਕਤਿ ਭਏ ਹਰਿ ਰੰਗਿ (ਰਾਗ ਆਸਾ, ਪੰਨਾ ੪੧੬/416)

11. ਦਾਸ ਰਸ: ਆਪਣੇ ਇਸ਼ਟ ਪ੍ਰਤੀ, ਭਗਤੀ ਭਾਵ ਨਾਲ ਨਿਮ੍ਰਤਾ ਰੱਖਣ ਨੂੰ 'ਦਾਸ ਰਸ' ਕਹਿੰਦੇ ਹਨ ਇਸ ਦਾ ਸਥਾਈ ਭਾਵ ਨਿਮ੍ਰਤਾ ਹੈ
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ (ਰਾਗ ਬਸੰਤ, ਪੰਨਾ ੧੧੭੧/1171)

12. ਸਖਾ ਰਸ: ਪ੍ਰੇਮਾ ਭਗਤੀ ਵਿਚ ਭਿੱਜ ਕੇ ਇਸ਼ਟ ਨੂੰ ਆਪਣਾ ਸਖਾ/ਮਿਤ੍ਰ ਮੰਨਣ ਦੇ ਭਾਵ ਨੂੰ 'ਸਖਾ ਰਸ' ਕਹਿੰਦੇ ਹਨ ਇਸ ਦਾ ਸਥਾਈ ਭਾਵ ਇਸ਼ਟ ਵਿਚ ਮੀਤ ਭਾਵ ਹੈ
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ (ਰਾਗ ਮਾਰੂ, ਪੰਨਾ ੧੦੨੧/1021)

13. ਭਗਤੀ ਰਸ: ਕੁਛ ਪੜ੍ਹ ਕੇ, ਸੁਣ ਕੇ ਅਤੇ ਵੇਖ ਕੇ, ਮਨੁਖੀ ਮਨ ਵਿਚ ਨਿਸ਼ਠਾ,ਪ੍ਰੇਮ ਅਤੇ ਸਤਿਕਾਰ ਪੂਰਵਕ ਆਪਣੇ ਅਰਾਧਯ ਇਸ਼ਟ ਪ੍ਰਤੀ ਜੋ ਸੇਵਾ, ਉਪਾਸਨਾ ਦਾ ਭਾਵ ਉਪਜਦਾ ਹੈ ਉਸ ਨੂੰ 'ਭਗਤੀ ਰਸ' ਕਹਿੰਦੇ ਹਨ ਇਸ ਦਾ ਸਥਾਈ ਭਾਵ ਸਰਧਾ ਹੈ
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ (ਜਪੁ ਜੀ, ਪੰਨਾ /6)


1 comment:

  1. ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ

    ReplyDelete